ਪਾਕਿਸਤਾਨ ਵਿਚ ਭੁੱਖਮਰੀ ਦੇ ਹਾਲਾਤ, AK-47 ਨਾਲ ਹੋ ਰਹੀ ਹੈ ਆਟੇ ਦੀ ਸੁਰੱਖਿਆ, ਕਈਆਂ ਦੀ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਵਿਚ ਆਟੇ ਦੀ ਕੀਮਤ ਅਸਮਾਨ ਛੂਹ ਰਹੀ ਹੈ।

Starvation conditions in Pakistan

 

ਇਸਲਾਮਾਬਾਦ - ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ... ਜੇਕਰ ਤੁਸੀਂ ਇੱਥੋਂ ਦੇ ਨੇਤਾਵਾਂ ਦੇ ਭਾਸ਼ਣ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਦੇਸ਼ ਕਿੰਨਾ ਅਮੀਰ ਹੈ, ਦੇਸ਼ ਕਿੰਨਾ ਮਜ਼ਬੂਤ ਹੈ, ਪਰ ਅੱਜ ਉੱਥੋਂ ਦੇ ਹਾਲਾਤ ਅਜਿਹੇ ਹਨ ਕਿ ਇੱਥੋਂ ਦੇ ਲੋਕਾਂ ਨੂੰ ਰੋਟੀ ਵੀ ਨਹੀਂ ਮਿਲ ਰਹੀ। ਸਰਕਾਰ ਆਟੇ ਦੀ ਸੁਰੱਖਿਆ ਲਈ ਏ.ਕੇ.-47 ਨਾਲ ਲੈਸ ਗਾਰਡ ਤਾਇਨਾਤ ਕਰ ਰਹੀ ਹੈ। ਪਾਕਿਸਤਾਨ ਵਿਚ ਆਟੇ ਦੀ ਲੁੱਟ ਹੋ ਰਹੀ ਹੈ। 

ਪਾਕਿਸਤਾਨ ਵਿਚ ਆਟੇ ਦੀ ਕੀਮਤ ਅਸਮਾਨ ਛੂਹ ਰਹੀ ਹੈ। ਇਸ ਤੋਂ ਰਾਹਤ ਲਈ ਸਰਕਾਰ ਨੇ ਲੋਕਾਂ ਲਈ ਸਬਸਿਡੀ ਵਾਲਾ ਆਟਾ ਲਿਆਂਦਾ ਹੈ ਪਰ ਜਨਤਾ ਨੂੰ ਉਹ ਵੀ ਨਹੀਂ ਮਿਲ ਰਿਹਾ। 20 ਕਿਲੋ ਦੇ ਸਰਕਾਰੀ ਆਟੇ ਦੇ ਪੈਕੇਟ ਦੀ ਕੀਮਤ 1200 ਰੁਪਏ ਹੈ, ਜਦੋਂ ਕਿ ਇਹ ਆਟਾ ਬਾਜ਼ਾਰ ਵਿਚ 3100 ਰੁਪਏ ਵਿਚ ਮਿਲਦਾ ਹੈ। ਮਤਲਬ 155 ਰੁਪਏ ਪ੍ਰਤੀ ਕਿਲੋ। 

ਲੋਕਾਂ ਨੂੰ ਸਬਸਿਡੀ ਵਾਲਾ ਆਟਾ ਵੀ ਆਸਾਨੀ ਨਾਲ ਨਹੀਂ ਮਿਲ ਰਿਹਾ। ਇਹੀ ਕਾਰਨ ਹੈ ਕਿ ਆਟੇ ਦੀ ਸੂਚਨਾ ਮਿਲਦੇ ਹੀ ਲੋਕ ਭੱਜ-ਦੌੜ ਕਰਦੇ ਹਨ, ਜਿਸ ਕਾਰਨ ਭਗਦੜ ਵਰਗੀ ਸਥਿਤੀ ਬਣ ਜਾਂਦੀ ਹੈ, ਜਿਸ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋ ਚੁੱਕੇ ਹਨ। ਬਲੋਚਿਸਤਾਨ ਵਿਚ ਸਥਿਤੀ ਬਦਤਰ ਹੈ। ਇੱਥੇ ਲੋਕ ਰੋਟੀ ਖਾਣ ਨੂੰ ਤਰਸ ਰਹੇ ਹਨ।   

ਪਾਕਿਸਤਾਨ 'ਚ ਆਟੇ ਦੀ ਸੁਰੱਖਿਆ ਲਈ ਏ.ਕੇ.-47 ਨਾਲ ਲੈਸ ਸੁਰੱਖਿਆ ਗਾਰਡ ਲਗਾਏ ਗਏ ਹਨ ਤਾਂ ਜੋ ਇਸ ਨੂੰ ਚੋਰੀ ਨਾ ਕੀਤਾ ਜਾ ਸਕੇ ਅਤੇ ਇਸ ਨੂੰ ਆਸਾਨੀ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਹਾਲਾਂਕਿ ਸੁਰੱਖਿਆ ਗਾਰਡ ਦੇ ਬਾਵਜੂਦ ਲੋਕ ਆਟਾ ਦੇਖ ਕੇ ਲੁੱਟ ਮਚਾ ਰਹੇ ਹਨ। ਅਜਿਹੇ ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਾਕਿਸਤਾਨ ਵਿਚ ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਗਏ ਹਨ।