ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਝਾਰਖੰਡ ਦੀ ਔਰਤ ਤੋੜੇਗੀ ਤਿੰਨ ਦਹਾਕਿਆਂ ਪੁਰਾਣਾ ‘ਮੌਨ ਵਰਤ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਸਵਤੀ ਦੇਵੀ ਨੇ ਸਹੁੰ ਖਾਧੀ ਸੀ ਕਿ ਉਹ ਰਾਮ ਮੰਦਰ ਦਾ ਉਦਘਾਟਨ ਹੋਣ ’ਤੇ ਹੀ ਅਪਣੀ ਚੁੱਪੀ ਤੋੜੇਗੀ

Jharkhand woman to break three-decade-old 'moun fast' after inauguration of Ram temple

ਧਨਬਾਦ : ਝਾਰਖੰਡ ਦੀ ਇਕ 85 ਸਾਲ ਦੀ ਬਜ਼ੁਰਗ ਔਰਤ ਸਰਸਵਤੀ ਦੇਵੀ ਅਯੁੱਧਿਆ ’ਚ ਰਾਮ ਮੰਦਰ ਦਾ ਉਦਘਾਟਨ ਹੋਣ ਦੇ ਅਪਣੇ ਸੁਪਨੇ ਨੂੰ ਪੂਰਾ ਕਰਨ ਤੋਂ ਬਾਅਦ 22 ਜਨਵਰੀ ਨੂੰ ਅਪਣਾ ਤਿੰਨ ਦਹਾਕੇ ਪੁਰਾਣਾ ਮੌਨ ਵਰਤ ਖਤਮ ਕਰੇਗੀ। ਉਨ੍ਹਾਂ ਦੇ ਪਰਵਾਰ ਨੇ ਦਾਅਵਾ ਕੀਤਾ ਕਿ ਜਿਸ ਦਿਨ 1992 ’ਚ ਬਾਬਰੀ ਮਸਜਿਦ ਢਾਹੀ ਗਈ ਸੀ, ਉਸ ਦਿਨ ਸਰਸਵਤੀ ਦੇਵੀ ਨੇ ਸਹੁੰ ਖਾਧੀ ਸੀ ਕਿ ਉਹ ਰਾਮ ਮੰਦਰ ਦਾ ਉਦਘਾਟਨ ਹੋਣ ’ਤੇ ਹੀ ਅਪਣੀ ਚੁੱਪੀ ਤੋੜੇਗੀ। ਧਨਬਾਦ ਦੀ ਰਹਿਣ ਵਾਲੀ ਸਰਸਵਤੀ ਦੇਵੀ ਮੰਦਰ ਦਾ ਉਦਘਾਟਨ ਵੇਖਣ ਲਈ ਸੋਮਵਾਰ ਰਾਤ ਨੂੰ ਰੇਲ ਗੱਡੀ ਰਾਹੀਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਲਈ ਰਵਾਨਾ ਹੋਈ ਸੀ। ਦੇਵੀ ਨੂੰ ਅਯੁੱਧਿਆ ’ਚ ‘ਮੌਨੀ ਮਾਤਾ’ ਵਜੋਂ ਜਾਣਿਆ ਜਾਂਦਾ ਹੈ। 

ਉਹ ਸੰਕੇਤਕ ਭਾਸ਼ਾ ਰਾਹੀਂ ਪਰਵਾਰਕ ਜੀਆਂ ਨਾਲ ਗੱਲਬਾਤ ਕਰਦੀ ਹੈ। ਉਹ ਲਿਖ ਕੇ ਵੀ ਲੋਕਾਂ ਨਾਲ ਗੱਲ ਕਰਦੀ ਹੈ ਪਰ ਗੁੰਝਲਦਾਰ ਵਾਕ ਲਿਖਦੀ ਹੈ। ਉਨ੍ਹਾਂ ਨੇ ‘ਮੌਨ ਵਰਤ’ ਤੋਂ ਕੁੱਝ ਸਮੇਂ ਵਿਰਾਮ ਵੀ ਲਿਆ ਸੀ ਅਤੇ 2020 ਤਕ ਹਰ ਰੋਜ਼ ਦੁਪਹਿਰ ਨੂੰ ਇਕ ਘੰਟਾ ਬੋਲਣ ਲੱਗ ਪਈ ਸੀ। ਪਰ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਰ ਦਾ ਨੀਂਹ ਪੱਥਰ ਰੱਖਿਆ, ਉਸ ਦਿਨ ਤੋਂ ਹੀ ਉਨ੍ਹਾਂ ਨੇ ਸਾਰਾ ਦਿਨ ਮੌਨ ਰੱਖਿਆ।

ਔਰਤ ਦੇ ਸੱਭ ਤੋਂ ਛੋਟੇ ਬੇਟੇ 55 ਸਾਲ ਦੇ ਹਰੇਰਾਮ ਅਗਰਵਾਲ ਨੇ ਕਿਹਾ, ‘‘6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ ਤਾਂ ਮੇਰੀ ਮਾਂ ਨੇ ਅਯੁੱਧਿਆ ’ਚ ਰਾਮ ਮੰਦਰ ਬਣਨ ਤਕ ਚੁੱਪ ਰਹਿਣ ਦੀ ਸਹੁੰ ਖਾਧੀ ਸੀ। ਜਦੋਂ ਤੋਂ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਦੀ ਮਿਤੀ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਉਹ ਬਹੁਤ ਖੁਸ਼ ਹੈ।’’ 

ਵਾਘਮਾਰਾ ਬਲਾਕ ਦੇ ਭੌਂਰਾ ਵਾਸੀ ਹਰੇਰਾਮ ਨੇ ਦਸਿਆ, ‘‘ਉਹ ਸੋਮਵਾਰ ਰਾਤ ਨੂੰ ਧਨਬਾਦ ਰੇਲਵੇ ਸਟੇਸ਼ਨ ਤੋਂ ਅਯੁੱਧਿਆ ਲਈ ਗੰਗਾ-ਸਤਲੁਜ ਐਕਸਪ੍ਰੈਸ ’ਚ ਸਵਾਰ ਹੋਈ ਸੀ। ਉਹ 22 ਜਨਵਰੀ ਨੂੰ ਅਪਣੀ ਚੁੱਪੀ ਤੋੜੇਗੀ।’’ ਉਨ੍ਹਾਂ ਕਿਹਾ ਕਿ ਦੇਵੀ ਨੂੰ ਮਹੰਤ ਨ੍ਰਿਤਿਆ ਗੋਪਾਲ ਦਾਸ ਦੇ ਚੇਲਿਆਂ ਨੇ ਰਾਮ ਮੰਦਰ ਦੇ ਉਦਘਾਟਨ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਸੱਦਾ ਦਿਤਾ ਹੈ।

ਪਰਵਾਰਕ ਜੀਆਂ ਨੇ ਦਸਿਆ ਕਿ ਚਾਰ ਧੀਆਂ ਸਮੇਤ ਅੱਠ ਬੱਚਿਆਂ ਦੀ ਮਾਂ ਦੇਵੀ ਨੇ 1986 ’ਚ ਅਪਣੇ ਪਤੀ ਦੇਵਕੀਨੰਦਨ ਅਗਰਵਾਲ ਦੀ ਮੌਤ ਤੋਂ ਬਾਅਦ ਅਪਣਾ ਜੀਵਨ ਭਗਵਾਨ ਰਾਮ ਨੂੰ ਸਮਰਪਿਤ ਕਰ ਦਿਤਾ ਸੀ ਅਤੇ ਅਪਣਾ ਜ਼ਿਆਦਾਤਰ ਸਮਾਂ ਤੀਰਥ ਯਾਤਰਾਵਾਂ ’ਚ ਬਿਤਾਇਆ। ਦੇਵੀ ਇਸ ਸਮੇਂ ਅਪਣੇ ਦੂਜੇ ਬੇਟੇ ਨੰਦਲਾਲ ਅਗਰਵਾਲ ਨਾਲ ਰਹਿ ਰਹੀ ਹੈ, ਜੋ ਕੋਲ ਇੰਡੀਆ ਦੀ ਬ੍ਰਾਂਚ ਭਾਰਤ ਕੋਕਿੰਗ ਕੋਲ ਲਿਮਟਿਡ (ਬੀ.ਸੀ.ਸੀ.ਐਲ.) ’ਚ ਅਫ਼ਸਰ ਵਜੋਂ ਕੰਮ ਕਰਦਾ ਹੈ। 

ਨੰਦਲਾਲ ਦੀ ਪਤਨੀ ਇੰਨੂ ਅਗਰਵਾਲ (53) ਨੇ ਦਸਿਆ ਕਿ ਵਿਆਹ ਤੋਂ ਕੁੱਝ ਮਹੀਨੇ ਬਾਅਦ ਉਨ੍ਹਾਂ ਨੇ ਅਪਣੀ ਸੱਸ ਨੂੰ ਭਗਵਾਨ ਰਾਮ ਦੀ ਭਗਤੀ ’ਚ ਮੌਨ ਵਰਤ ਰਖਦੇ ਵੇਖਿਆ। ਇੰਨੂ ਅਗਰਵਾਲ ਨੇ ਕਿਹਾ, ‘‘ਹਾਲਾਂਕਿ ਅਸੀਂ ਉਸ ਦੀ ਜ਼ਿਆਦਾਤਰ ਸੰਕੇਤਕ ਭਾਸ਼ਾ ਨੂੰ ਸਮਝਦੇ ਹਾਂ ਅਤੇ ਉਹ ਲਿਖ ਕੇ ਜੋ ਗੱਲ ਕਰਦੀ ਹੈ ਉਸ ’ਚ ਗੁੰਝਲਦਾਰ ਵਾਕ ਲਿਖਦੀ ਹੈ।’’

ਉਨ੍ਹਾਂ ਕਿਹਾ ਕਿ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਮੇਰੀ ਸੱਸ ਅਯੁੱਧਿਆ ਗਈ ਸੀ ਅਤੇ ਰਾਮ ਮੰਦਰ ਦੇ ਨਿਰਮਾਣ ਤਕ ਚੁੱਪ ਰਹਿਣ ਦਾ ਸੰਕਲਪ ਲਿਆ ਸੀ। ਉਹ ਦਿਨ ਦੇ 23 ਘੰਟੇ ਚੁੱਪ ਰਹਿੰਦੀ ਹੈ। ਉਹ ਦੁਪਹਿਰ ਨੂੰ ਸਿਰਫ ਇਕ ਘੰਟੇ ਦੀ ਛੁੱਟੀ ਲੈਂਦੇ ਹਨ। ਬਾਕੀ ਸਮਾਂ ਉਹ ਕਲਮ ਅਤੇ ਕਾਗਜ਼ ਰਾਹੀਂ ਸਾਡੇ ਨਾਲ ਗੱਲਬਾਤ ਕਰਦੀ ਹੈ।