ਸੰਗੀਤ ਦੇ ਬਾਦਸ਼ਾਹ ਉਸਤਾਦ ਰਾਸ਼ਿਦ ਖਾਨ ਦਾ ਦੇਹਾਂਤ, ਕੈਂਸਰ ਤੋਂ ਹਾਰੇ ਜ਼ਿੰਦਗੀ ਦੀ ਜੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ ਦੇ ਇੱਕ ਅਧਿਕਾਰੀ ਜਿੱਥੇ ਉਸਤਾਦ ਰਾਸ਼ਿਦ ਖਾਨ ਦਾ ਇਲਾਜ ਚੱਲ ਰਿਹਾ ਸੀ, ਨੇ ਦੱਸਿਆ ਕਿ 'ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੇ।

Rashid Khan

ਨਵੀਂ ਦਿੱਲੀ - ਮਸ਼ਹੂਰ ਸੰਗੀਤ ਸਮਰਾਟ ਉਸਤਾਦ ਰਾਸ਼ਿਦ ਖਾਨ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਨੇ 55 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਿਆ। ਉਸਤਾਦ ਰਾਸ਼ਿਦ ਖਾਨ ਪ੍ਰੋਸਟੇਟ ਕੈਂਸਰ ਤੋਂ ਪੀੜਤ ਸਨ, ਜਿਸ ਲਈ ਉਨ੍ਹਾਂ ਦਾ ਕੋਲਕਾਤਾ ਦੇ ਇੱਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਹ ਵੈਂਟੀਲੇਟਰ ਅਤੇ ਆਕਸੀਜਨ ਸਪੋਰਟ 'ਤੇ ਸੀ। ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 

ਹਸਪਤਾਲ ਦੇ ਇੱਕ ਅਧਿਕਾਰੀ ਜਿੱਥੇ ਉਸਤਾਦ ਰਾਸ਼ਿਦ ਖਾਨ ਦਾ ਇਲਾਜ ਚੱਲ ਰਿਹਾ ਸੀ, ਨੇ ਦੱਸਿਆ ਕਿ 'ਅਸੀਂ ਬਹੁਤ ਕੋਸ਼ਿਸ਼ ਕੀਤੀ, ਪਰ ਅਸਫ਼ਲ ਰਹੇ। ਦੁਪਹਿਰ ਕਰੀਬ 3:45 ਵਜੇ ਉਨ੍ਹਾਂ ਦੀ ਮੌਤ ਹੋ ਗਈ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਸਤਾਦ ਰਾਸ਼ਿਦ ਖਾਨ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, 'ਇਹ ਪੂਰੇ ਦੇਸ਼ ਅਤੇ ਪੂਰੇ ਸੰਗੀਤ ਜਗਤ ਲਈ ਬਹੁਤ ਵੱਡਾ ਘਾਟਾ ਹੈ। ਮੈਂ ਬਹੁਤ ਦੁਖੀ ਹਾਂ। ਮੈਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਰਾਸ਼ਿਦ ਖਾਨ ਨਹੀਂ ਰਹੇ। 

ਉਸਤਾਦ ਰਾਸ਼ਿਦ ਖਾਨ ਦੀ ਸਿਹਤ ਪਿਛਲੇ ਮਹੀਨੇ ਦਿਮਾਗੀ ਦੌਰਾ ਪੈਣ ਤੋਂ ਬਾਅਦ ਕਾਫ਼ੀ ਖ਼ਰਾਬ ਹੋ ਗਈ ਸੀ। ਉਨ੍ਹਾਂ ਨੇ ਸ਼ੁਰੂ ਵਿਚ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿਚ ਇਲਾਜ ਕਰਵਾਇਆ। ਫਿਰ ਬਾਅਦ ਵਿਚ ਉਨ੍ਹਾਂ ਨੇ ਕੋਲਕਾਤਾ ਦੇ ਇੱਕ ਹਸਪਤਾਲ ਵਿਚ ਆਪਣਾ ਇਲਾਜ ਜਾਰੀ ਰੱਖਿਆ। ਨਜ਼ਦੀਕੀ ਸੂਤਰਾਂ ਮੁਤਾਬਕ ਪਿਛਲੇ ਮਹੀਨੇ ਇਕ ਨਿੱਜੀ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਠੀਕ ਹੋ ਰਹੀ ਸੀ। 

ਉੱਤਰ ਪ੍ਰਦੇਸ਼ ਦੇ ਬਦਾਊਨ ਵਿਚ ਜਨਮੇ ਰਾਸ਼ਿਦ ਖ਼ਾਨ ਉਸਤਾਦ ਗੁਲਾਮ ਮੁਸਤਫ਼ਾ ਖ਼ਾਨ ਦੇ ਭਤੀਜੇ ਸਨ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿਖਲਾਈ ਆਪਣੇ ਨਾਨਾ ਉਸਤਾਦ ਨਿਸਾਰ ਹੁਸੈਨ ਖਾਨ (1909-1993) ਤੋਂ ਲਈ ਸੀ। ਰਾਸ਼ਿਦ ਖਾਨ ਉਸਤਾਦ ਰਾਮਪੁਰ-ਸਹਸਵਾਨ ਘਰਾਣੇ ਦਾ ਗਾਇਕ ਸੀ। ਉਨ੍ਹਾਂ ਨੇ 11 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਸਟੇਜ ਪ੍ਰਦਰਸ਼ਨ ਦਿੱਤਾ।