Supreme Court: ਅਦਾਲਤ ਨੇ 25 ਸਾਲ ਜੇਲ੍ਹ ਵਿੱਚ ਬਿਤਾਏ ਕਤਲ ਦੇ ਦੋਸ਼ੀ ਨੂੰ ਅਪਰਾਧ ਸਮੇਂ ਨਾਬਾਲਗ ਪਾਇਆ, ਰਿਹਾਈ ਦੇ ਦਿੱਤੇ ਹੁਕਮ
ਸੁਪਰੀਮ ਕੋਰਟ ਨੇ ਪਟੀਸ਼ਨ ਸਵੀਕਾਰ ਕਰ ਲਈ ਅਤੇ ਪਟੀਸ਼ਨਕਰਤਾ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਪਰ ਨਾਲ ਹੀ ਕਿਹਾ ਕਿ ਉਸ ਦੀ ਸਜ਼ਾ ਬਰਕਰਾਰ ਰਹੇਗੀ।
New Delhi- ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਕਤਲ ਦੇ ਇੱਕ ਮਾਮਲੇ ਵਿਚ 25 ਸਾਲ ਜੇਲ ਵਿਚ ਬਿਤਾ ਚੁੱਕਿਆ ਅਤੇ ਰਾਸ਼ਟਰਪਤੀ ਦੇ ਮੁਆਫ਼ੀਨਾਮ ਸਹਿਤ ਆਪਣੇ ਸਾਰੇ ਕਾਨੂੰਨੀ ਵਿਕਲਪਾਂ ਦਾ ਇਸਤੇਮਾਲ ਕਰ ਚੁੱਕਿਆ ਵਿਅਕਤੀ ਅਪਰਾਧ ਦੇ ਸਮੇਂ ਨਾਬਾਲਗ ਸੀ ਇਸ ਲਈ ਉਸ ਨੂੰ ਰਿਹਾਅ ਕੀਤਾ ਜਾਵੇ।
ਜਸਟਿਸ ਐਮ ਐਮ ਸੁੰਦਰੇਸ਼ ਅਤੇ ਅਰਵਿੰਦ ਕੁਮਾਰ ਦੇ ਬੈਂਚ ਨੇ ਕਿਹਾ ਕਿ ਦੋਸ਼ੀ ਓਮ ਪ੍ਰਕਾਸ਼ ਉਰਫ਼ ਰਾਜੂ ਪਿਛਲੇ 25 ਸਾਲਾਂ ਤੋਂ ਜੇਲ੍ਹ ਵਿੱਚ ਹੈ, ਭਾਵੇਂ ਕਿ ਉਸ ਨੇ ਹੇਠਲੀ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਉਹ ਸਜ਼ਾ ਸੁਣਾਏ ਜਾਣ ਸਮੇਂ ਨਾਬਾਲਗ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਸੁਪਰੀਮ ਕੋਰਟ ਨੇ ਕਿਹਾ, “ਅਸੀਂ ਸਿਰਫ਼ ਇਹੀ ਕਹਾਂਗੇ ਕਿ ਇਹ ਇੱਕ ਅਜਿਹਾ ਮਾਮਲਾ ਹੈ ਜਿੱਥੇ ਅਪੀਲਕਰਤਾ ਨੂੰ ਅਦਾਲਤਾਂ ਦੁਆਰਾ ਕੀਤੀ ਗਈ ਗਲਤੀ ਕਾਰਨ ਨੁਕਸਾਨ ਹੋਇਆ ਹੈ। ਸਾਨੂੰ ਦੱਸਿਆ ਗਿਆ ਹੈ ਕਿ ਜੇਲ੍ਹ ਵਿੱਚ ਉਸ ਦਾ ਆਚਰਣ ਆਮ ਹੈ ਅਤੇ ਉਸ ਦੇ ਖਿਲਾਫ ਕੋਈ ਪ੍ਰਤੀਕੂਲ ਰਿਪੋਰਟ ਨਹੀਂ ਹੈ। ਉਸ ਨੇ ਸਮਾਜ ਵਿੱਚ ਮੁੜ ਜੁੜਨ ਦਾ ਮੌਕਾ ਗੁਆ ਦਿੱਤਾ। ਬਿਨਾਂ ਕਿਸੇ ਗਲਤੀ ਦੇ ਗੁਆਇਆ ਸਮਾਂ ਕਦੇ ਵਾਪਸ ਨਹੀਂ ਲਿਆਂਦਾ ਜਾ ਸਕਦਾ।"
ਸੁਪਰੀਮ ਕੋਰਟ ਨੇ ਪਟੀਸ਼ਨ ਸਵੀਕਾਰ ਕਰ ਲਈ ਅਤੇ ਪਟੀਸ਼ਨਕਰਤਾ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਪਰ ਨਾਲ ਹੀ ਕਿਹਾ ਕਿ ਉਸ ਦੀ ਸਜ਼ਾ ਬਰਕਰਾਰ ਰਹੇਗੀ।
ਦੋਸ਼ੀ ਨੂੰ ਪਹਿਲਾਂ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਸੁਪਰੀਮ ਕੋਰਟ ਨੇ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਫਿਰ ਉਸ ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਅਤੇ 8 ਮਈ, 2012 ਨੂੰ ਉਸ ਨੂੰ ਅੰਸ਼ਕ ਰਾਹਤ ਮਿਲੀ ਜਦੋਂ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ।