10 ਤੋਂ 12 ਜਨਵਰੀ ਤਕ ਗੁਜਰਾਤ ਦੌਰੇ ਉਤੇ ਜਾਣਗੇ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਮਨਾਥ ਸਵਾਭਿਮਾਨ ਪਰਵ ’ਚ ਸ਼ਾਮਲ ਹੋਣਗੇ, ਜਰਮਨ ਚਾਂਸਲਰ ਨਾਲ ਮੁਲਾਕਾਤ ਵੀ ਕਰਨਗੇ

Modi to visit Gujarat from January 10 to 12

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਤੋਂ 12 ਜਨਵਰੀ ਤਕ ਗੁਜਰਾਤ ਦੇ ਤਿੰਨ ਦਿਨਾਂ ਦੇ ਦੌਰੇ ਉਤੇ ਹਨ, ਜਿਸ ਦੌਰਾਨ ਉਹ ਸੋਮਨਾਥ ਮੰਦਰ ’ਚ ‘ਸੋਮਨਾਥ ਸਵਾਭਿਮਾਨ ਪਰਵ’ ਅਤੇ ਰਾਜਕੋਟ ’ਚ ‘ਵਾਈਬਰੈਂਟ ਗੁਜਰਾਤ ਖੇਤਰੀ ਸੰਮੇਲਨ’ ’ਚ ਹਿੱਸਾ ਲੈਣਗੇ।

ਉਹ ਸੋਮਵਾਰ ਨੂੰ ਅਹਿਮਦਾਬਾਦ ਵਿਚ ਜਰਮਨ ਚਾਂਸਲਰ ਫਰੈਡਰਿਕ ਮਰਜ਼ ਨਾਲ ਵੀ ਮੁਲਾਕਾਤ ਕਰਨਗੇ। ਉਹ ਸਾਬਰਮਤੀ ਆਸ਼ਰਮ ਜਾਣਗੇ ਅਤੇ ਸਾਬਰਮਤੀ ਨਦੀ ਦੇ ਕੰਢੇ ਉਤੇ ਇਕ ਕੌਮਾਂਤਰੀ ਪਤੰਗ ਉਤਸਵ ਵਿਚ ਇਕੱਠੇ ਹਿੱਸਾ ਲੈਣਗੇ।

ਮੋਦੀ 10 ਜਨਵਰੀ ਨੂੰ ਸੋਮਨਾਥ ਪਹੁੰਚਣਗੇ। ਉਸ ਰਾਤ ਕਰੀਬ 8 ਵਜੇ ਉਹ ਓਮਕਾਰ ਮੰਤਰ ਜਾਪ ਵਿਚ ਹਿੱਸਾ ਲੈਣਗੇ ਅਤੇ ਇਸ ਤੋਂ ਬਾਅਦ ਸੋਮਨਾਥ ਮੰਦਰ ਵਿਚ ਇਕ ਡਰੋਨ ਸ਼ੋਅ ਵੇਖਣਗੇ।

11 ਜਨਵਰੀ ਨੂੰ ਸਵੇਰੇ ਕਰੀਬ 9:45 ਵਜੇ ਪ੍ਰਧਾਨ ਮੰਤਰੀ ਸੋਮਨਾਥ ਮੰਦਰ ਦੀ ਰੱਖਿਆ ਲਈ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਸਨਮਾਨ ਲਈ ਹੋ ਰਹੀ ਸ਼ੌਰਿਆ ਯਾਤਰਾ ’ਚ ਹਿੱਸਾ ਲੈਣਗੇ। ਸ਼ੌਰਿਆ ਯਾਤਰਾ ਵਿਚ 108 ਘੋੜਿਆਂ ਦਾ ਪ੍ਰਤੀਕਾਤਮਕ ਜਲੂਸ ਹੋਵੇਗਾ, ਜੋ ਬਹਾਦਰੀ ਅਤੇ ਕੁਰਬਾਨੀ ਨੂੰ ਦਰਸਾਉਂਦਾ ਹੈ।

ਇਸ ਤੋਂ ਬਾਅਦ ਮੋਦੀ ਸਵੇਰੇ ਕਰੀਬ 10:15 ਵਜੇ ਸੋਮਨਾਥ ਮੰਦਰ ’ਚ ਪੂਜਾ ਅਰਚਨਾ ਕਰਨਗੇ। ਇਸ ਤੋਂ ਬਾਅਦ ਉਹ ਸਵੇਰੇ 11 ਵਜੇ ‘ਸੋਮਨਾਥ ਸਵਾਭਿਮਾਨ ਪਰਵ’ ਦੇ ਮੌਕੇ ਉਤੇ ਇਕ ਜਨਤਕ ਸਮਾਗਮ ਵਿਚ ਹਿੱਸਾ ਲੈਣਗੇ। ਇਕ ਬਿਆਨ ਮੁਤਾਬਕ ਇਹ ਪਰਵ ਭਾਰਤ ਦੇ ਅਣਗਿਣਤ ਨਾਗਰਿਕਾਂ ਨੂੰ ਯਾਦ ਕਰਨ ਲਈ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਮੰਦਰ ਦੀ ਰੱਖਿਆ ਲਈ ਕੁਰਬਾਨੀਆਂ ਦਿਤੀਆਂ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਦੀ ਸਭਿਆਚਾਰਕ ਚੇਤਨਾ ਨੂੰ ਪ੍ਰੇਰਿਤ ਕਰਦਾ ਹੈ। ਇਹ ਪ੍ਰੋਗਰਾਮ ਸਾਲ 1026 ਵਿਚ ਗਜ਼ਨੀ ਦੇ ਮਹਿਮੂਦ ਦੇ ਸੋਮਨਾਥ ਮੰਦਰ ਉਤੇ ਹਮਲੇ ਦੇ 1,000 ਸਾਲ ਪੂਰੇ ਹੋਣ ਦੀ ਨਿਸ਼ਾਨਦੇਹੀ ਕਰਦਾ ਹੈ।