ਤੀਜੇ ਦਿਨ ਵੀ ਬੰਦ ਰਿਹਾ ਜੰਮੂ-ਕਸ਼ਮੀਰ ਰਾਜਮਾਰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਨੂੰ ਦੇਸ਼ ਦੇ ਦੂਜੇ ਹਿੱਸਿਆਂ ਨਾਲ ਜੋੜਨ ਵਾਲਾ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਵੱਡੀ ਮਾਤਰਾ ਵਿਚ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਸ਼ੁਕਰਵਾਰ ਨੂੰ ਲਗਾਤਾਰ ਤੀਜੇ...

Highway Close in Jammu & Kashmir

ਜੰਮੂ : ਕਸ਼ਮੀਰ ਨੂੰ ਦੇਸ਼ ਦੇ ਦੂਜੇ ਹਿੱਸਿਆਂ ਨਾਲ ਜੋੜਨ ਵਾਲਾ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਵੱਡੀ ਮਾਤਰਾ ਵਿਚ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਸ਼ੁਕਰਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਬੰਦ ਰਿਹਾ। ਸੜਕ ਬੰਦ ਹੋਣ ਕਾਰਨ ਜੰਮੂ 'ਚ ਫਸੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਕਠੂਆ ਜ਼ਿਲ੍ਹੇ 'ਚ ਲਖਨਪੁਰ ਤੋਂ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਇਲਾਕੇ ਤਕ ਰਾਜਮਾਰਗ 'ਤੇ ਜ਼ਰੂਰੀ ਵਸਤੂਆਂ ਲਿਜਾ ਰਹੇ 1500 ਤੋਂ ਜ਼ਿਆਦਾ ਗੱਡੀਆਂ ਫਸੀਆਂ ਹੋਈਆ ਹਨ। ਇਨ੍ਹਾਂ ਵਿਚ ਜ਼ਿਆਦਾਤਰ ਟਰੱਕ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ, 'ਕਈ ਜਗ੍ਹਾ ਜ਼ਮੀਨ ਖਿਸਕਣ ਅਤੇ ਬਰਫ਼ਬਾਰੀ ਹੋਣ ਕਾਰਨ ਸ਼ੁਕਰਵਾਰ ਨੂੰ ਤੀਜੇ ਦਿਨ ਵੀ

ਰਾਜਮਾਰਗ ਬੰਦ ਰਿਹਾ। ਜੰਮੂ ਤੋਂ ਰਾਜਮਾਰਗ 'ਤੇ ਕਿਸੇ ਵੀ ਗੱਡੀ ਨੂੰ ਅੱਗੇ ਜਾਣ ਦੀ ਮਨਜ਼ੂਰੀ ਨਹੀਂ ਦਿਤੀ ਗਈ।' ਉਨ੍ਹਾਂ ਦਸਿਆ ਕਿ ਜਵਾਹਰ ਸੁਰੰਗ ਅਤੇ ਪਤਨੀਟਾਪ ਇਲਾਕਿਆਂ ਵਿਚ ਬਰਫ਼ਬਾਰੀ ਹੋਣ ਤੋਂ ਇਲਾਵਾ ਰਾਮਬਨ ਜ਼ਿਲ੍ਹੇ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆ ਹਨ। ਉਨ੍ਹਾਂ ਨੇ ਦਸਿਆ ਕਿ ਮਸ਼ੀਨਾਂ ਨਾਲ ਬੀ.ਆਰ.ਓ. ਦੇ ਕਰਮਚਾਰੀ ਮਾਰੋਗ, ਬੈਟਰੀ ਚਸ਼ਮਾ, ਅਨੋਖੀ ਫ਼ਾਲ ਅਤੇ ਪਥਾਲ ਇਲਾਕਿਆਂ ਵਿਚ ਰਾਜਮਾਰਗ ਨੂੰ ਸਾਫ਼ ਕਰਨ ਵਿਚ ਲੱਗੇ ਹੋਏ ਹਨ। 
ਜੰਮੂ ਬੱਸ ਅੱਡੇ 'ਤੇ 150 ਤੋਂ ਵੱਧ ਫਸੇ ਯਾਤਰੀਆਂ ਨੇ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਅਤੇ ਜਲਦੀ ਬਰਫ਼ ਹਟਾਉਣ ਅਤੇ ਰਾਜਮਾਰਗ

ਖੋਲ੍ਹਣ ਦੀ ਮੰਗ ਕੀਤੀ ਤਾਂਕਿ ਉਹ ਕਸ਼ਮੀਰ ਵਾਪਸ ਜਾ ਸਕਣ। ਜਵਾਹਰ ਸੁਰੰਗ ਨੇੜੇ ਜ਼ਮੀਨ ਖਿਸਕਣ ਕਾਰਨ ਪੁਲਿਸ ਚੌਕੀ 'ਚ ਫਸੇ ਤਿੰਨ ਪੁਲਿਸ ਕਰਮਚਾਰੀਆਂ ਨੂੰ ਸ਼ੁਕਰਵਾਰ ਨੂੰ ਸੁਰਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਚੌਕੀ ਵਿਚ ਹੁਣ ਵੀ ਸੱਤ ਪੁਲਿਸ ਕਰਮਚਾਰੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਲਗਾਮ ਜ਼ਿਲ੍ਹੇ ਵਿਚ ਬੁਧਵਾਰ ਨੂੰ ਜਵਾਹਰ ਸੁਰੰਗ ਦੇ ਉੱਤਰੀ ਸਿਰੇ 'ਤੇ ਜ਼ਮੀਨ ਖਿਸਕੀ ਸੀ।