ਰਾਜ ਸਭਾ ’ਚ ਵਿਦਾਇਗੀ ਭਾਸ਼ਣ ’ਚ ਬੋਲੇ ਗੁਲਾਮ ਨਬੀ ਆਜ਼ਾਦ, ਹਿੰਦੁਸਤਾਨੀ ਮੁਸਲਮਾਨ ਹੋਣ ’ਤੇ ਮਾਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਲੋਕਾਂ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ, ਜੇਕਰ ਅਸੀਂ ਆਪਸ ’ਚ ਹੀ ਲੜਦੇ ਰਹੇ ਤਾਂ ਜਨਤਾ ਦਾ ਭਰੋਸਾ ਉਠ ਜਾਵੇਗਾ

Ghulam Nabi Azad

ਨਵੀਂ ਦਿੱਲੀ : ਰਾਜਸਭਾ ’ਚ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਵਿਦਾਇਗੀ ਦਿਤੀ ਗਈ। ਅਪਣੇ ਵਿਦਾਇਗੀ ਭਾਸ਼ਣ ’ਚ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ ’ਚੋਂ ਹਾਂ ਜਿਨ੍ਹਾਂ ਨੂੰ ਕਦੇ ਪਾਕਿਸਤਾਨ ਜਾਣ ਦਾ ਮੌਕਾ ਨਹੀਂ ਮਿਲਿਆ।

ਉਨ੍ਹਾਂ ਕਿਹਾ ਕਿ ਜਦੋਂ ਮੈਂ ਪਾਕਿਸਤਾਨ ਦੇ ਹਾਲਾਤਾਂ ਬਾਰੇ ਪੜ੍ਹਦਾ ਹਾਂ ਤਾਂ ਮੈਨੂੰ ਇਕ ਹਿੰਦੁਸਤਾਨੀ ਮੁਸਲਮਾਨ ਹੋਣ ’ਤੇ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਦੇਖਿਆ ਹੈ ਕਿ ਮੁਸਲਮ ਦੇਸ਼ ਆਪਸ ’ਚ ਲੜ ਕੇ ਖ਼ਤਮ ਹੋ ਰਹੇ ਹਨ।

ਆਜ਼ਾਦ ਨੇ ਅੱਗੇ ਕਿਹਾ ਕਿ ਲੋਕਾਂ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ, ਜੇਕਰ ਅਸੀਂ ਆਪਸ ’ਚ ਹੀ ਲੜਦੇ ਰਹੇ ਤਾਂ ਜਨਤਾ ਦਾ ਭਰੋਸਾ ਉਠ ਜਾਵੇਗਾ। ਸੰਸਦ ’ਚ ਲੜਾਈ ਨਾਲ ਕਾਨੂੰਨ ਨਹੀਂ ਰੁਕਣੇ ਚਾਹੀਦੇ। ਆਪਸ ’ਚ ਲੜਨ ਨਾਲ ਕੋਈ ਹੱਲ ਨਹੀਂ ਨਿਕਲਦਾ।

ਇਸ ਤੋਂ ਪਹਿਲਾਂ ਰਾਜਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਦੀ ਤਰੀਫ ਕਰਦੇ ਹੋਏ ਪੀਐੱਮ ਮੋਦੀ ਭਾਵੁਕ ਹੋ ਗਏ। ਗੁਲਾਮ ਨਬੀ ਆਜ਼ਾਦ ਦੀ ਤਰੀਫ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਜਦੋਂ ਉਹ ਕੋਰੋਨਾ ਮਹਾਮਾਰੀ ਦੌਰਾਨ ਸਦਨ ’ਚ ਵੱਖ-ਵੱਖ ਦਲਾਂ ਦੇ ਆਗੂਆਂ ਦੀ ਬੈਠਕ ਬੁਲਾਉਣ ’ਤੇ ਵਿਚਾਰ ਕਰ ਰਹੇ ਸਨ ਤਾਂ ਉਦੋਂ ਆਜ਼ਾਦ ਨੇ ਫੋਨ ਕਰ ਕੇ ਉਨ੍ਹਾਂ ਨੂੰ ਸਾਰੇ ਦਲਾਂ ਦੇ ਆਗੂਆਂ ਦੀ ਬੈਠਕ ਬੁਲਾਉਣ ਦਾ ਸੁਝਾਅ ਦਿਤਾ ਸੀ।