ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਚੋਣ ਬਾਰੇ ਭਾਜਪਾ ’ਚ ਚਰਚਾ ਤੇਜ਼, ਜਾਣੋ ਕਿਹੜੇ ਉਮੀਦਵਾਰ ਨੇ ਦੌੜ ’ਚ
ਭਾਜਪਾ ਵਲੋਂ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਲਈ ਉਤਰੇ ਨੱਢਾ ਨੇ ਸ਼ਾਹ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ : ਦਿੱਲੀ ’ਚ 70 ਮੈਂਬਰੀ ਵਿਧਾਨ ਸਭਾ ’ਚ 48 ਸੀਟਾਂ ਜਿੱਤ ਕੇ 26 ਸਾਲ ਤੋਂ ਵੱਧ ਸਮੇਂ ਮਗਰੋਂ ਸੱਤਾ ’ਚ ਵਾਪਸੀ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁੱਖ ਮੰਤਰੀ ਅਹੁਦੇ ਦੀ ਚੋਣ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਜੇ.ਪੀ. ਨੱਢਾ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਨਵੀਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ 4,089 ਵੋਟਾਂ ਨਾਲ ਹਰਾ ਕੇ ਪਰਵੇਸ਼ ਵਰਮਾ ਦਾ ਸਿਆਸੀ ਕੱਦ ਅਸਮਾਨ ਛੂਹ ਗਿਆ ਹੈ। ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਬੇਟੇ ਵੀ ਹਨ। ਪਾਰਟੀ ਨੇਤਾਵਾਂ ਨੇ ਸਨਿਚਰਵਾਰ ਨੂੰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਭਾਜਪਾ ਜੇਤੂਆਂ ਵਿਚ ਕਈ ਤਜਰਬੇਕਾਰ ਸੀਨੀਅਰ ਨੇਤਾ ਵੀ ਸ਼ਾਮਲ ਹਨ ਜੋ ਮੁੱਖ ਮੰਤਰੀ ਅਹੁਦੇ ਦੀ ਦੌੜ ਵਿਚ ਹਨ। ਇਨ੍ਹਾਂ ’ਚ ਆਸ਼ੀਸ਼ ਸੂਦ ਅਤੇ ਸਾਬਕਾ ਸੂਬਾ ਜਨਰਲ ਸਕੱਤਰ (ਸੰਗਠਨ) ਪਵਨ ਸ਼ਰਮਾ ਸ਼ਾਮਲ ਹਨ।
ਜਨਕਪੁਰੀ ਤੋਂ 18,766 ਵੋਟਾਂ ਨਾਲ ਜਿੱਤਣ ਵਾਲੇ ਸੂਦ ਦਖਣੀ ਦਿੱਲੀ ਨਗਰ ਨਿਗਮ ’ਚ ਭਾਜਪਾ ਦੇ ਸ਼ਾਸਨ ਦੌਰਾਨ ਹਾਸਲ ਕੀਤੇ ਪ੍ਰਸ਼ਾਸਨਿਕ ਮਾਮਲਿਆਂ ’ਚ ਕੁੱਝ ਤਜਰਬਾ ਰੱਖਣ ਵਾਲੇ ਸੀਨੀਅਰ ਨੇਤਾ ਹਨ। ਉਹ ਗੋਆ ਲਈ ਭਾਜਪਾ ਦੇ ਇੰਚਾਰਜ ਅਤੇ ਪਾਰਟੀ ਦੀ ਜੰਮੂ-ਕਸ਼ਮੀਰ ਇਕਾਈ ਦੇ ਸਹਿ-ਇੰਚਾਰਜ ਵੀ ਹਨ।
ਭਾਜਪਾ ਨੇਤਾਵਾਂ ਨੇ ਦਸਿਆ ਕਿ ਉੱਤਮ ਨਗਰ ਤੋਂ 29,740 ਵੋਟਾਂ ਨਾਲ ਜਿੱਤਣ ਵਾਲੇ ਸ਼ਰਮਾ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਵੀ ਸੱਭ ਤੋਂ ਅੱਗੇ ਹਨ। ਉਹ ਇਸ ਸਮੇਂ ਅਸਾਮ ਲਈ ਭਾਜਪਾ ਦੇ ਸਹਿ-ਇੰਚਾਰਜ ਹਨ। ਇਸ ਅਹੁਦੇ ਲਈ ਹੋਰ ਗੰਭੀਰ ਦਾਅਵੇਦਾਰਾਂ ’ਚ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੇਂਦਰ ਗੁਪਤਾ ਅਤੇ ਸਤੀਸ਼ ਉਪਾਧਿਆਏ ਵੀ ਸ਼ਾਮਲ ਹਨ।
ਪਿਛਲੀ ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਪਤਾ ਨੇ ਰੋਹਿਨੀ ਤੋਂ 37,816 ਵੋਟਾਂ ਨਾਲ ਜਿੱਤ ਦੀ ਹੈਟ੍ਰਿਕ ਬਣਾਈ ਸੀ। ਭਾਜਪਾ ਨੇਤਾਵਾਂ ਨੇ ਕਿਹਾ ਕਿ ਨਵੀਂ ਦਿੱਲੀ ਨਗਰ ਕੌਂਸਲ ਦੇ ਸਾਬਕਾ ਉਪ ਚੇਅਰਮੈਨ ਉਪਾਧਿਆਏ ਦੇ ਆਰ.ਐਸ.ਐਸ. ਲੀਡਰਸ਼ਿਪ ਨਾਲ ਨੇੜਲੇ ਸਬੰਧ ਹਨ।
ਭਾਜਪਾ ਦੀ ਮੱਧ ਪ੍ਰਦੇਸ਼ ਇਕਾਈ ਦੇ ਸਹਿ-ਇੰਚਾਰਜ ਉਪਾਧਿਆਏ ਨੇ ਮਾਲਵੀਆ ਨਗਰ ਤੋਂ ‘ਆਪ’ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸੋਮਨਾਥ ਭਾਰਤੀ ਨੂੰ 2,131 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ। ਭਾਜਪਾ ਨੇਤਾਵਾਂ ਨੇ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਲਈ ਕਿਸੇ ਮਹਿਲਾ ਉਮੀਦਵਾਰ ’ਤੇ ਅਪਣਾ ਦਾਅ ਲਗਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਰੇਖਾ ਗੁਪਤਾ ਅਤੇ ਸ਼ਿਖਾ ਰਾਏ ਦੋ ਤਜਰਬੇਕਾਰ ਨੇਤਾ ਹਨ, ਜਿਨ੍ਹਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਰਾਏ ਨੇ ਗ੍ਰੇਟਰ ਕੈਲਾਸ਼ ਤੋਂ ‘ਆਪ‘ ਦੇ ਸੀਨੀਅਰ ਨੇਤਾ ਸੌਰਭ ਭਾਰਦਵਾਜ ਨੂੰ 3,188 ਵੋਟਾਂ ਨਾਲ ਹਰਾਇਆ, ਜਦਕਿ ਸ਼ਾਲੀਮਾਰ ਬਾਗ ਤੋਂ ਗੁਪਤਾ ਨੇ 29,000 ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ।
ਦਿੱਲੀ ਭਾਜਪਾ ਨੇਤਾਵਾਂ ਦੇ ਇਕ ਹਿੱਸੇ ਨੇ ਕਿਹਾ ਕਿ ਜੇਕਰ ਕੌਮੀ ਲੀਡਰਸ਼ਿਪ ਅਪਣੇ ਵਿਧਾਇਕ ਦਲ ਦੇ ਮੈਂਬਰਾਂ ਤੋਂ ਬਾਹਰ ਕਿਸੇ ਨੂੰ ਚੁਣਦੀ ਹੈ ਤਾਂ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਅਤੇ ਉੱਤਰ-ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਪੂਰਵਾਂਚਲੀ ਦੇ ਪ੍ਰਮੁੱਖ ਚਿਹਰੇ ਮਨੋਜ ਤਿਵਾੜੀ ਵਰਗੇ ਕੁੱਝ ਮੌਜੂਦਾ ਸੰਸਦ ਮੈਂਬਰਾਂ ’ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਚੇਤਾਵਨੀ ਦਿਤੀ ਕਿ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਪਿਛਲੇ ਤਜਰਬਿਆਂ ਨੂੰ ਵੇਖਦੇ ਹੋਏ, ਜਿੱਥੇ ਪਾਰਟੀ ਨੇ ਹਾਲ ਹੀ ਵਿਚ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ, ਅਜਿਹੇ ਮਾਮਲਿਆਂ ’ਤੇ ਅਟਕਲਾਂ ਲਈ ਬਹੁਤ ਘੱਟ ਜਗ?ਹਾ ਛੱਡਦੀ ਹੈ।