ਦਿੱਲੀ ਨਗਰ ਨਿਗਮ ਚੋਣਾਂ ਮੁਲਤਵੀ ਹੋਣ 'ਤੇ ਬੋਲੇ ਅਰਵਿੰਦ ਕੇਜਰੀਵਾਲ - ਭਾਜਪਾ ਦੇ ਦਬਾਅ 'ਚ ਨਾ ਆਵੇ ਚੋਣ ਕਮਿਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਪੱਤਰ ਮਿਲਣ ਤੋਂ ਬਾਅਦ ਦਿੱਲੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ

Arvind Kejriwal

ਨਵੀਂ ਦਿੱਲੀ : ਦਿੱਲੀ 'ਚ ਨਗਰ ਨਿਗਮ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਪੱਤਰ ਮਿਲਣ ਤੋਂ ਬਾਅਦ ਦਿੱਲੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਭੱਜ ਗਈ ਹੈ। MCD ਚੋਣਾਂ ਮੁਲਤਵੀ ਹੋ ਗਈਆਂ ਹਨ ਤੇ ਉਨ੍ਹਾਂ ਨੇ ਹਾਰ ਮੰਨ ਲਈ। ਦਿੱਲੀ ਵਾਲੇ ਬਹੁਤ ਨਾਰਾਜ਼ ਹਨ। ਉਹ ਕਹਿ ਰਹੇ ਹਨ ਕਿ ਚੋਣਾਂ ਨਾ ਕਰਵਾਉਣ ਦੀ ਇੰਨੀ ਹਿੰਮਤ? ਹੁਣ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਸਾਡੇ ਸਰਵੇਖਣ ਵਿੱਚ 272 ਸੀਟਾਂ ਵਿੱਚੋਂ 250 ਸੀਟਾਂ ਆ ਰਹੀਆਂ ਸਨ। ਹੁਣ 260 ਤੋਂ ਵੱਧ ਆਉਣਗੀਆਂ ਪਰ ਚੋਣ ਕਮਿਸ਼ਨ ਨੂੰ ਭਾਜਪਾ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ ਸੀ।

ਇਸ ਦੇ ਨਾਲ ਹੀ ਦਿੱਲੀ ਦੇ ਚੋਣ ਕਮਿਸ਼ਨਰ ਐਸਕੇ ਸ੍ਰੀਵਾਸਤਵ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਿੱਲੀ ਦੀਆਂ ਤਿੰਨਾਂ ਨਿਗਮਾਂ ਦੇ ਏਕੀਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸੇ ਕਾਰਨ ਚੋਣ ਪ੍ਰੋਗਰਾਮ ਦੇ ਐਲਾਨ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਕੇਂਦਰ ਸਰਕਾਰ ਤੋਂ ਕੁਝ ਗੱਲਾਂ ਆਈਆਂ ਹਨ, ਜਿਸ ਕਾਰਨ ਅਸੀਂ ਚੋਣ ਪ੍ਰੋਗਰਾਮ ਦਾ ਐਲਾਨ ਨਹੀਂ ਕਰ ਰਹੇ ਹਾਂ। ਸ੍ਰੀਵਾਸਤਵ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੁਝ ਮੁੱਦੇ ਉਠਾਏ ਹਨ ਜਿਨ੍ਹਾਂ ਦੀ ਕਾਨੂੰਨੀ ਤੌਰ 'ਤੇ ਅਜੇ ਜਾਂਚ ਹੋਣੀ ਬਾਕੀ ਹੈ, ਅਸੀਂ ਅਜੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕਰ ਸਕਾਂਗੇ। ਅਸੀਂ ਕੁਝ ਦਿਨ ਹੋਰ ਲਵਾਂਗੇ। ਉਨ੍ਹਾਂ ਅੱਗੇ ਕਿਹਾ ਕਿ 18 ਮਈ ਤੋਂ ਪਹਿਲਾਂ ਚੋਣਾਂ ਕਰਵਾਉਣੀਆਂ ਹਨ।