ਹੁਣ ED ਨੇ ਮਨੀਸ਼ ਸਿਸੋਦੀਆ ਨੂੰ ਕੀਤਾ ਗ੍ਰਿਫ਼ਤਾਰ, CM ਕੇਜਰੀਵਾਲ ਨੇ ਕਿਹਾ ਜਨਤਾ ਸਭ ਦੇਖ ਰਹੀ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਈਡੀ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸਿਸੋਦੀਆ ਤੋਂ ਕਰੀਬ 8 ਘੰਟੇ ਪੁੱਛਗਿੱਛ ਕੀਤੀ।

Manish Sisodia

ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਦਿੱਲੀ ਦੀ ਆਬਕਾਰੀ ਨੀਤੀ ਦੇ ਕਥਿਤ ਘੁਟਾਲੇ ਦੇ ਮਾਮਲੇ ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸਿਸੋਦੀਆ ਤੋਂ ਕਰੀਬ 8 ਘੰਟੇ ਪੁੱਛਗਿੱਛ ਕੀਤੀ। ਈਡੀ ਵੱਲੋਂ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਨੂੰ ਪਹਿਲਾਂ CBI ਨੇ ਗ੍ਰਿਫ਼ਤਾਰ ਕੀਤਾ ਸੀ।

ਛਾਪੇਮਾਰੀ ਦੌਰਾਨ CBI ਨੂੰ ਕੋਈ ਸਬੂਤ ਨਹੀਂ ਮਿਲਿਆ, ਨਾ ਕੋਈ ਪੈਸਾ ਮਿਲਿਆ। ਭਲਕੇ ਜ਼ਮਾਨਤ ਦੀ ਸੁਣਵਾਈ ਹੈ। ਮਨੀਸ਼ ਨੂੰ ਕੱਲ੍ਹ ਛੱਡ ਦਿੱਤਾ ਜਾਣਾ ਸੀ ਤਾਂ ਅੱਜ ED ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦਾ ਇੱਕ ਹੀ ਉਦੇਸ਼ ਹੈ ਕਿ ਨਿੱਤ ਨਵੇਂ ਝੂਠੇ ਕੇਸ ਬਣਾ ਕੇ ਹਰ ਕੀਮਤ 'ਤੇ ਮਨੀਸ਼ ਨੂੰ ਅੰਦਰ ਰੱਖਣਾ। ਜਨਤਾ ਦੇਖ ਰਹੀ ਹੈ। ਜਨਤਾ ਜਵਾਬ ਦੇਵੇਗੀ। 

ਦੱਸ ਦਈਏ ਕਿ ਇਸ ਤੋਂ ਪਹਿਲਾਂ 26 ਫਰਵਰੀ ਨੂੰ ਸੀਬੀਆਈ ਨੇ ਲੰਬੀ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿਸੋਦੀਆ ਨੇ ਸੀਬੀਆਈ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਜਿੱਥੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।