ਹਿਮਾਚਲ ’ਚ ਸੁੱਖੂ ਸਰਕਾਰ ਵਿਰੁਧ ਚੱਲ ਰਹੀ ਬਗਾਵਤ ਦਰਮਿਆਨ ਸਾਹਮਣੇ ਆਈ ਨਵੀਂ ਘਟਨਾ, ਕੇਂਦਰੀ ਮੰਤਰੀ ਨੇ ਕਿਹਾ, ‘ਜਲਦੀ ਡਿੱਗੇਗੀ ਸੁੱਖੂ ਸਰਕਾਰ’

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ ਦੇ 11 ਵਿਧਾਇਕ ਪੁੱਜੇ ਉੱਤਰਾਖੰਡ ’ਚ, ਹੋਟਲ ਦੁਆਲੇ ਸਖ਼ਤ ਪਹਿਰਾ

BL Verma

ਰਿਸ਼ੀਕੇਸ਼: ਰਾਜ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਦੇ ਵਿਰੁਧ ਵੋਟ ਪਾਉਣ ਵਾਲੇ ਹਿਮਾਚਲ ਪ੍ਰਦੇਸ਼ ਦੇ 6 ਵਿਧਾਇਕ ਤਿੰਨ ਆਜ਼ਾਦ ਵਿਧਾਇਕਾਂ ਸਮੇਤ ਉਤਰਾਖੰਡ ਪਹੁੰਚ ਗਏ ਹਨ ਅਤੇ ਉਨ੍ਹਾਂ ਦਾ ਇੱਥੇ ਇਕ ਹੋਟਲ ਵਿਚ ਠਹਿਰਾਅ ਕੀਤਾ ਗਿਆ ਹੈ। ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਰੁਧ ਚੱਲ ਰਹੀ ਬਗਾਵਤ ਦਰਮਿਆਨ ਸਾਹਮਣੇ ਆਈ ਹੈ।

ਬਾਗੀ ਵਿਧਾਇਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਦੋ ਵਿਧਾਇਕ ਵਿਕਰਮ ਠਾਕੁਰ ਅਤੇ ਤ੍ਰਿਲੋਕ ਜਾਮਵਾਲ ਵੀ ਮੌਜੂਦ ਹਨ। ਇਹ ਸਾਰੇ ਵਿਧਾਇਕ ਸ਼ੁਕਰਵਾਰ ਦੇਰ ਰਾਤ ਚਾਰਟਰਡ ਫਲਾਈਟ ਰਾਹੀਂ ਹਰਿਆਣਾ ਦੇ ਪੰਚਕੂਲਾ ਤੋਂ ਰਿਸ਼ੀਕੇਸ਼ ਪੁੱਜੇ ਅਤੇ ਹੋਟਲ ਤਾਜ ’ਚ ਠਹਿਰੇ।ਕਾਂਗਰਸ ਵਿਧਾਇਕਾਂ ਸੁਧੀਰ ਸ਼ਰਮਾ, ਰਜਿੰਦਰ ਰਾਣਾ, ਇੰਦਰ ਦੱਤ ਲਖਨਪਾਲ, ਦਵਿੰਦਰ ਕੁਮਾਰ ਭੁੱਟੂ, ਰਵਿੰਦਰ ਠਾਕੁਰ ਅਤੇ ਚੈਤੰਨਿਆ ਸ਼ਰਮਾ ਨੂੰ ਰਾਜ ਦੇ ਬਜਟ ’ਤੇ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਲਈ ਅਯੋਗ ਕਰਾਰ ਦਿਤਾ ਗਿਆ ਹੈ। ਬਾਗੀ ਵਿਧਾਇਕਾਂ ਨੇ ਇਸ ਮਾਮਲੇ ’ਚ ਰਾਹਤ ਲਈ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਹੈ। 

ਬਾਗੀ ਕਾਂਗਰਸੀ ਵਿਧਾਇਕਾਂ ਦੇ ਨਾਲ ਤਿੰਨ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ, ਕੇਐਲ ਠਾਕੁਰ ਅਤੇ ਆਸ਼ੀਸ਼ ਸ਼ਰਮਾ ਵੀ ਹਨ। ਹੋਟਲ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿਤੀ ਗਈ ਹੈ ਅਤੇ ਪਹਿਲਾਂ ਤੋਂ ਬੁਕਿੰਗ ਕਰਵਾਉਣ ਵਾਲਿਆਂ ਨੂੰ ਛੱਡ ਕੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ ਹੈ। ਇਹ ਹੋਟਲ ਰਿਸ਼ੀਕੇਸ਼-ਬਦਰੀਨਾਥ ਰੋਡ ’ਤੇ ਰਿਸ਼ੀਕੇਸ਼ ਤੋਂ 30 ਕਿਲੋਮੀਟਰ ਦੂਰ ਹੈ।

ਕਾਂਗਰਸ ਹਿਮਾਚਲ ’ਚ ਸਥਿਤੀ ਨੂੰ ਸੰਭਾਲਣ ’ਚ ਲੱਗੀ ਹੋਈ ਹੈ ਅਤੇ ਰਾਜ ਦੇ ਸੀਨੀਅਰ ਮੰਤਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਸਮੇਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਕਾਂਗਰਸ ਦੇ 34 ਅਤੇ ਭਾਜਪਾ ਦੇ 25 ਵਿਧਾਇਕ ਹਨ। ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਰਾਜ ਸਭਾ ਚੋਣਾਂ ’ਚ ਭਾਜਪਾ ਦਾ ਸਮਰਥਨ ਕੀਤਾ ਸੀ।

ਇਸ ਦੌਰਾਨ ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਬੀ.ਐਲ. ਵਰਮਾ ਨੇ ਹਰਿਦੁਆਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਸਰਕਾਰ ਜਲਦੀ ਡਿੱਗ ਜਾਵੇਗੀ। ਵਰਮਾ ਨੇ ਕਿਹਾ, ‘‘ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ। ਇਸ ਲੜਾਈ ਕਾਰਨ ਇਹ ਜ਼ਿਆਦਾ ਦੇਰ ਨਹੀਂ ਚੱਲੇਗੀ।’’

ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀਆਂ ਕਾਰਵਾਈਆਂ ਨੇ ਉੱਤਰ ਪ੍ਰਦੇਸ਼ ’ਚ ਕਾਂਗਰਸ ਦਾ ਸਫਾਇਆ ਕਰ ਦਿਤਾ ਹੈ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦਾ ਪੂਰੇ ਦੇਸ਼ ’ਚੋਂ ਸਫਾਇਆ ਹੋ ਜਾਵੇਗਾ। ਵਰਮਾ ਹਰਿਦੁਆਰ ’ਚ ਯੋਗਗੁਰੂ ਰਾਮਦੇਵ ਦੇ ਪਤੰਜਲੀ ਯੋਗਪੀਠ ’ਚ ਕਰਵਾਏ ਸਹਿਕਾਰੀ ਸੰਮੇਲਨ ’ਚ ਹਿੱਸਾ ਲੈਣ ਆਏ ਸਨ।

ਉੱਤਰਾਖੰਡ ’ਚ ਹਿਮਾਚਲ ਪ੍ਰਦੇਸ਼ ਦੇ ਵਿਧਾਇਕਾਂ ਦੀ ਮੌਜੂਦਗੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਕੱਢਣ ਦਾ ਮਾਮਲਾ ਸੁਪਰੀਮ ਕੋਰਟ ’ਚ ਹੈ ਅਤੇ ਭਾਜਪਾ ਅਦਾਲਤਾਂ ਦਾ ਸਨਮਾਨ ਕਰਦੀ ਹੈ। ਉਨ੍ਹਾਂ ਸਮਾਜਵਾਦੀ ਪਾਰਟੀ (ਸਪਾ) ਨੂੰ ਪਰਵਾਰ ਆਧਾਰਤ ਪਾਰਟੀ ਦਸਿਆ ਜੋ ਆਮ ਚੋਣਾਂ ’ਚ ਅਪਣਾ ਖਾਤਾ ਵੀ ਨਹੀਂ ਖੋਲ੍ਹ ਸਕੇਗੀ। ਉਨ੍ਹਾਂ ਮੌਜੂਦਾ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਦਾਅਵਾ ਕੀਤਾ ਕਿ ਸਾਲ 2013-14 ’ਚ ਕਿਸਾਨਾਂ ਲਈ ਬਜਟ ਸਿਰਫ਼ 21900 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਵਧਾ ਕੇ 1.25 ਲੱਖ ਕਰੋੜ ਰੁਪਏ ਕਰ ਦਿਤਾ ਹੈ।ਉਨ੍ਹਾਂ ਕਿਹਾ, ‘‘ਪਰ ਕਿਸਾਨਾਂ ਦੀ ਆੜ ’ਚ ਕੁੱਝ ਸਿਆਸੀ ਪਾਰਟੀਆਂ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹ ਕਦੇ ਕਾਮਯਾਬ ਨਹੀਂ ਹੋਣਗੇ।’’