ਪ੍ਰਧਾਨ ਮੰਤਰੀ ਮੋਦੀ ਨੇ ਸੇਲਾ ਸੁਰੰਗ ਸਮੇਤ 55 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਵੇਖੋ ਤਸਵੀਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਣਨੀਤਕ ਰੂਪ ’ਚ ਮਹੱਤਵਪੂਰਨ ਸੇਲਾ ਸੁਰੰਗ ਦੁਨੀਆਂ ਦੀ ਸਭ ਤੋਂ ਲੰਮੀ ਦੋ ਲੇਨ ਦੀ ਸੁਰੰਗ ਹੈ 

Sela Tunnel

ਈਟਾਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਉੱਤਰ-ਪੂਰਬ ’ਚ 55,600 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਜਿਸ ’ਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਸੇਲਾ ਸੁਰੰਗ ਵੀ ਸ਼ਾਮਲ ਹੈ ਜੋ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੂੰ ਹਰ ਮੌਸਮ ’ਚ ਸੰਪਰਕ ਪ੍ਰਦਾਨ ਕਰੇਗੀ। 13 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਇਹ ਦੁਨੀਆਂ ਦੀ ਸਭ ਤੋਂ ਲੰਮੀ ਦੋ ਸੇਨ ਦੀ ਸੁਰੰਗ ਹੈ। 

ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਲਗਭਗ 825 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੇਲਾ ਸੁਰੰਗ ਇਕ ਇੰਜੀਨੀਅਰਿੰਗ ਦਾ ਚਮਤਕਾਰ ਹੈ। ਇਹ ਅਰੁਣਾਚਲ ਪ੍ਰਦੇਸ਼ ਦੇ ਬਾਲੀਪਾੜਾ-ਚਰਿਦੁਆਰ-ਤਵਾਂਗ ਰੋਡ ’ਤੇ ਸੇਲਾ ਪਾਸ ਤੋਂ ਲੰਘਣ ਵਾਲੇ ਤਵਾਂਗ ਨੂੰ ਹਰ ਮੌਸਮ ’ਚ ਸੰਪਰਕ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਫ਼ਰਵਰੀ 2019 ’ਚ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ, ਜੋ ਨਾ ਸਿਰਫ ਖੇਤਰ ’ਚ ਤੇਜ਼ ਅਤੇ ਵਧੇਰੇ ਕੁਸ਼ਲ ਆਵਾਜਾਈ ਮਾਰਗ ਪ੍ਰਦਾਨ ਕਰੇਗਾ, ਬਲਕਿ ਚੀਨ ਨਾਲ ਲਗਦੀ ਸਰਹੱਦ ਦੇ ਨੇੜੇ ਹੋਣ ਕਾਰਨ ਦੇਸ਼ ਲਈ ਰਣਨੀਤਕ ਮਹੱਤਵ ਵੀ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਰਾਜ ਟਰਾਂਸਪੋਰਟ ਦੀ ਬੱਸ ਨੂੰ ਹਰੀ ਝੰਡੀ ਵਿਖਾ ਕੇ ਸੇਲਾ ਸੁਰੰਗ ਦਾ ਉਦਘਾਟਨ ਕੀਤਾ। ਇਹ ਬੱਸ ਇਸ ਸੁਰੰਗ ’ਚੋਂ ਲੰਘੀ ਸੀ। 

ਕੁਲ ਮਿਲਾ ਕੇ ਮੋਦੀ ਨੇ ਅਰੁਣਾਚਲ ਪ੍ਰਦੇਸ਼ ’ਚ 41,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਲੋਅਰ ਦਿਬਾਂਗ ਘਾਟੀ ਜ਼ਿਲ੍ਹੇ ’ਚ ਦਿਬਾਂਗ ਬਹੁਮੰਤਵੀ ਪਣ ਬਿਜਲੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਜੋ 31,875 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਦੇਸ਼ ਦਾ ਸੱਭ ਤੋਂ ਵੱਡਾ ਡੈਮ ਹੋਵੇਗਾ। ਉਨ੍ਹਾਂ ਨੇ ਕਈ ਸੜਕਾਂ ਦੇ ਨਿਰਮਾਣ, ਵਾਤਾਵਰਣ ਅਤੇ ਸੈਰ-ਸਪਾਟਾ ਪ੍ਰਾਜੈਕਟਾਂ ਅਤੇ ਸਕੂਲਾਂ ਦੇ ਅਪਗ੍ਰੇਡੇਸ਼ਨ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਰਾਜ ’ਚ ਜਲ ਜੀਵਨ ਮਿਸ਼ਨ ਦੇ ਲਗਭਗ 1,100 ਪ੍ਰਾਜੈਕਟਾਂ ਅਤੇ ਯੂਨੀਵਰਸਲ ਸਰਵਿਸ ਓਬਲਿਗੇਸ਼ਨ ਫੰਡ (ਯੂ.ਐਸ.ਓ.ਐਫ.) ਤਹਿਤ 170 ਦੂਰਸੰਚਾਰ ਟਾਵਰਾਂ ਦਾ ਉਦਘਾਟਨ ਕੀਤਾ, ਜਿਸ ਨਾਲ 300 ਤੋਂ ਵੱਧ ਪਿੰਡਾਂ ਨੂੰ ਲਾਭ ਹੋਵੇਗਾ। 

ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 450 ਕਰੋੜ ਰੁਪਏ ਦੀ ਲਾਗਤ ਨਾਲ ਬਣੇ 35,000 ਮਕਾਨਾਂ ਨੂੰ ਵੀ ਸੌਂਪਿਆ। ਮੋਦੀ ਨੇ ਮਨੀਪੁਰ ’ਚ 3,400 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ। ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ’ਚ ਨੀਲਾਕੁਠੀ ਦੇ ਯੂਨਿਟੀ ਮਾਲ ਲੰਪਜੇਲਪਟ ’ਚ ਵਿਸ਼ੇਸ਼ ਮਾਨਸਿਕ ਦੇਖਭਾਲ ਪ੍ਰਦਾਨ ਕਰਨ ਵਾਲਾ 60 ਬਿਸਤਰਿਆਂ ਵਾਲਾ ਹਸਪਤਾਲ ਅਤੇ ਇੰਫਾਲ ਪਛਮੀ ਜ਼ਿਲ੍ਹੇ ’ਚ ਮਨੀਪੁਰ ਟੈਕਨੋਲੋਜੀਕਲ ਯੂਨੀਵਰਸਿਟੀ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਮਨੀਪੁਰ ’ਚ ਵੱਖ-ਵੱਖ ਸੜਕ ਪ੍ਰਾਜੈਕਟਾਂ ਅਤੇ ਜਲ ਸਪਲਾਈ ਯੋਜਨਾਵਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਨੇ ਨਾਗਾਲੈਂਡ ’ਚ 1,700 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ, ਉਨ੍ਹਾਂ ’ਚ ਚੁਮੋਕੇਦੀਮਾ ਜ਼ਿਲ੍ਹੇ ’ਚ ਯੂਨਿਟੀ ਮਾਲ ਅਤੇ ਦੀਮਾਪੁਰ ’ਚ 132 ਕਿਲੋਵਾਟ ਦੇ ਸਬ-ਸਟੇਸ਼ਨ ਦਾ ਆਧੁਨਿਕੀਕਰਨ ਸ਼ਾਮਲ ਹੈ। 

ਮੋਦੀ ਨੇ ਮੇਘਾਲਿਆ ’ਚ 290 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ’ਚ ਤੁਰਾ ’ਚ ਆਈ.ਟੀ. ਪਾਰਕ, ਨਵੀਂ ਚਾਰ ਮਾਰਗੀ ਸੜਕ ਅਤੇ ਨਿਊ ਸ਼ਿਲਾਂਗ ਟਾਊਨਸ਼ਿਪ ’ਚ ਦੋ-ਮਾਰਗੀ ਸੜਕ ਨੂੰ ਚਾਰ ਮਾਰਗੀ ਸੜਕ ’ਚ ਤਬਦੀਲ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਉੱਪਰੀ ਸ਼ਿਲਾਂਗ ’ਚ ਇਕ ਕਿਸਾਨ ਹੋਸਟਲ-ਸਿਖਲਾਈ ਕੇਂਦਰ ਦਾ ਵੀ ਉਦਘਾਟਨ ਕੀਤਾ। ਮੋਦੀ ਨੇ ਸਿੱਕਮ ’ਚ 450 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਈ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਥਰਫੂ ਅਤੇ ਦਾਰਾਮਦੀਨ ਨੂੰ ਜੋੜਨ ਵਾਲੀ ਨਵੀਂ ਸੜਕ ਦਾ ਉਦਘਾਟਨ ਕੀਤਾ। 

ਉਨ੍ਹਾਂ ਨੇ ਤ੍ਰਿਪੁਰਾ ’ਚ 8,500 ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਮੋਦੀ ਨੇ ਇਸ ਖੇਤਰ ਲਈ ਨਵੀਂ ਉਦਯੋਗਿਕ ਵਿਕਾਸ ਯੋਜਨਾ ‘ਉਨਤੀ‘ (ਉੱਤਰ-ਪੂਰਬੀ ਪਰਿਵਰਤਨਕਾਰੀ ਉਦਯੋਗੀਕਰਨ) ਦੀ ਵੀ ਸ਼ੁਰੂਆਤ ਕੀਤੀ। ਇਹ ਯੋਜਨਾ ਉੱਤਰ-ਪੂਰਬ ’ਚ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕਰੇਗੀ, ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰੇਗੀ, ਨਵੀਆਂ ਨਿਰਮਾਣ ਅਤੇ ਸੇਵਾ ਇਕਾਈਆਂ ਸਥਾਪਤ ਕਰਨ ’ਚ ਸਹਾਇਤਾ ਕਰੇਗੀ ਅਤੇ ਰੁਜ਼ਗਾਰ ਨੂੰ ਹੁਲਾਰਾ ਦੇਵੇਗੀ। 10,000 ਕਰੋੜ ਰੁਪਏ ਦੀ ਇਹ ਯੋਜਨਾ ਪੂਰੀ ਤਰ੍ਹਾਂ ਕੇਂਦਰ ਸਰਕਾਰ ਵਲੋਂ ਫੰਡ ਕੀਤੀ ਜਾਂਦੀ ਹੈ ਅਤੇ ਸਾਰੇ ਅੱਠ ਉੱਤਰ-ਪੂਰਬੀ ਸੂਬਿਆਂ ਨੂੰ ਕਵਰ ਕਰਦੀ ਹੈ।

ਉੱਤਰ-ਪੂਰਬ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਅਸਾਮ ਦੇ ਕਾਜ਼ੀਰੰਗਾ ’ਚ ਸਫਾਰੀ ਦਾ ਆਨੰਦ ਮਾਣਿਆ, ਇਕ ਚਾਹ ਬਾਗ ਦਾ ਦੌਰਾ ਵੀ ਕੀਤਾ 

ਕਾਜ਼ੀਰੰਗਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਸਵੇਰੇ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਅਤੇ ਟਾਈਗਰ ਰਿਜ਼ਰਵ ’ਚ ਹਾਥੀ ਦੀ ਸਵਾਰੀ ਕੀਤੀ ਅਤੇ ਜੀਪ ਸਫਾਰੀ ਦਾ ਆਨੰਦ ਮਾਣਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸਭਿਆਚਾਰਕ ਸੰਗਠਨ (ਯੂਨੈਸਕੋ) ਵਲੋਂ ਘੋਸ਼ਿਤ ਵਿਸ਼ਵ ਵਿਰਾਸਤ ਸਥਾਨ ਦੇ ਅਪਣੇ ਪਹਿਲੇ ਦੌਰੇ ਦੌਰਾਨ ਬਾਗ ’ਚ ਦੋ ਘੰਟੇ ਬਿਤਾਏ। 

ਇਸ ਦੌਰਾਨ ਮੋਦੀ ਨੇ ਮਹਿਲਾ ਜੰਗਲਾਤ ਗਾਰਡਾਂ ਦੀ ਟੀਮ ਦੇ ਮਹਾਵਤਾਂ ਅਤੇ ਜੰਗਲਾਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਮੋਦੀ ਨੇ ‘ਐਕਸ’ ’ਤੇ ਲਿਖਿਆ ਕਿ ਕਾਜ਼ੀਰੰਗਾ ਗੈਂਡਿਆਂ ਲਈ ਜਾਣਿਆ ਜਾਂਦਾ ਹੈ ਪਰ ਇਸ ਵਿਚ ਵੱਡੀ ਗਿਣਤੀ ਵਿਚ ਹਾਥੀ ਅਤੇ ਕਈ ਹੋਰ ਪ੍ਰਜਾਤੀਆਂ ਵੀ ਹਨ। ਪ੍ਰਧਾਨ ਮੰਤਰੀ ਨੇ ਸੱਭ ਤੋਂ ਪਹਿਲਾਂ ਪਾਰਕ ਦੇ ਵਿਚਕਾਰ ਕੋਹੋਰਾ ਰੇਂਜ ਦੇ ਮਿਹੀਮੁਖ ਖੇਤਰ ’ਚ ਹਾਥੀ ਦੀ ਸਵਾਰੀ ਕੀਤੀ। 

ਪ੍ਰਧਾਨ ਮੰਤਰੀ ਨੇ ਕਾਜ਼ੀਰੰਗਾ ਨੈਸ਼ਨਲ ਪਾਰਕ ਨੇੜੇ ਇਕ ਚਾਹ ਬਾਗ ਦਾ ਦੌਰਾ ਵੀ ਕੀਤਾ ਅਤੇ ਕਿਹਾ ਕਿ ਅਸਾਮ ’ਚ ਪੈਦਾ ਹੋਣ ਵਾਲੀ ਚਾਹ ਨੇ ਪੂਰੀ ਦੁਨੀਆਂ ’ਚ ਅਪਣੀ ਜਗ੍ਹਾ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਅਸਾਮ ਅਪਣੇ ਸ਼ਾਨਦਾਰ ਚਾਹ ਬਾਗਾਂ ਲਈ ਜਾਣਿਆ ਜਾਂਦਾ ਹੈ ਅਤੇ ਅਸਾਮ ਦੀ ਚਾਹ ਨੇ ਪੂਰੀ ਦੁਨੀਆਂ ਵਿਚ ਅਪਣੀ ਜਗ੍ਹਾ ਬਣਾਈ ਹੈ। ਉਨ੍ਹਾਂ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮੈਂ ਚਾਹ ਦੇ ਬਾਗਾਂ ਦੇ ਭਾਈਚਾਰੇ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ ਜੋ ਸਖਤ ਮਿਹਨਤ ਕਰ ਰਹੇ ਹਨ ਅਤੇ ਵਿਸ਼ਵ ਭਰ ’ਚ ਅਸਾਮ ਦਾ ਮਾਣ ਵਧਾ ਰਹੇ ਹਨ। ਮੈਂ ਸੈਲਾਨੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਸੂਬੇ ਦੇ ਅਪਣੇ ਦੌਰੇ ਦੌਰਾਨ ਇਨ੍ਹਾਂ ਚਾਹ ਦੇ ਬਾਗਾਂ ਦਾ ਦੌਰਾ ਕਰਨ।’’

ਅਸੀਂ ਉੱਤਰ-ਪੂਰਬ ’ਚ ਜੋ 5 ਸਾਲਾਂ ’ਚ ਕੀਤਾ, ਕਾਂਗਰਸ ਨੂੰ ਕਰਨ ’ਚ 20 ਸਾਲ ਲੱਗ ਜਾਂਦੇ : ਮੋਦੀ 

ਈਟਾਨਗਰ, 9 ਮਾਰਚ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ’ਚ ਉੱਤਰ-ਪੂਰਬੀ ਭਾਰਤ ’ਚ ਜਿਸ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਹਨ, ਉਸ ਨੂੰ ਪੂਰਾ ਕਰਨ ’ਚ ਕਾਂਗਰਸ ਨੂੰ 20 ਸਾਲ ਲੱਗ ਜਾਂਦੇ। ਪ੍ਰਧਾਨ ਮੰਤਰੀ ਨੇ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਤਰ-ਪੂਰਬ ਦਖਣੀ ਏਸ਼ੀਆ ਅਤੇ ਪੂਰਬੀ ਏਸ਼ੀਆ ਨਾਲ ਭਾਰਤ ਦੇ ਵਪਾਰ, ਸੈਰ-ਸਪਾਟਾ ਅਤੇ ਹੋਰ ਸਬੰਧਾਂ ’ਚ ਇਕ ਮਜ਼ਬੂਤ ਕੜੀ ਹੋਵੇਗਾ। ਅੱਜ ਇੱਥੇ 55,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ, ‘‘ਪੂਰਾ ਉੱਤਰ-ਪੂਰਬ ਵੇਖ ਰਿਹਾ ਹੈ ਕਿ ਮੋਦੀ ਦੀ ਗਰੰਟੀ ਕਿਵੇਂ ਕੰਮ ਕਰ ਰਹੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਦੇਸ਼ ਦੇ ਵਿਕਾਸ ਲਈ ਕੰਮ ਕਰ ਰਹੇ ਸਨ ਤਾਂ ਵਿਰੋਧੀ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਇੰਡੀਆ) ਦੇ ਨੇਤਾ ਉਨ੍ਹਾਂ ’ਤੇ ਹਮਲਾ ਕਰ ਰਹੇ ਸਨ। ਇਸ ਤੋਂ ਪਹਿਲਾਂ ਅਸਮ ਦੇ ਜੋਰਹਾਟ ’ਚ ਵੀ ਉਨ੍ਹਾਂ ਨੇ ਇਕ ਰੈਲੀ ਦੌਰਾਨ ਕਾਂਗਰਸ ’ਤੇ ਦਹਾਕਿਆਂ ਤਕ ਪੂਰਬ-ਉੱਤਰ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਸਨਿਚਰਵਾਰ ਨੂੰ ਕਿਹਾ ਕਿ ਵਿਕਸਤ ਭਾਰਤ ਦੇ ਉਦੇਸ਼ ਨੂੰ ਪੂਰਾ ਕਰਨ ਲਈ ਇਲਾਕੇ ਦਾ ਵਿਕਾਸ ਮਹੱਤਵਪੂਰਨ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਵਿਰਾਸਤ ਅਤੇ ਵਿਕਾਸ ਡਬਲ ਇੰਜਣ ਸਰਕਾਰ ਦਾ ਮੰਤਰ ਹੈ।’’