‘ਚੋਣਾਂ ’ਚ ਤਾਂ ਤੂੰ ਮੈਨੂੰ ਬਹੁਤ ਗਾਲ੍ਹਾਂ ਕਢੀਆਂ ਪਰ ਹੁਣ...’, ਪੁਰਾਣੇ ਸਿਆਸੀ ਵਿਰੋਧੀਆਂ ਦੇ ਹਾਸੇ-ਠੱਠੇ ਦਾ ਵੀਡੀਉ ਵਾਇਰਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇਤਾ ਸੁਰੇਸ਼ ਪਚੌਰੀ ਅਤੇ ਸਾਬਕਾ ਸੰਸਦ ਮੈਂਬਰ ਗਜੇਂਦਰ ਰਾਜੂਖੇੜੀ ਭਾਜਪਾ ’ਚ ਸ਼ਾਮਲ 

Sanjay Shukla and Kailash Vijayvargiya

ਭੋਪਾਲ: ਭੋਪਾਲ ’ਚ ਇਕ ਪ੍ਰੋਗਰਾਮ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਅਤੇ ਸੂਬਾ ਸਰਕਾਰ ’ਚ ਮੰਤਰੀ ਕੈਲਾਸ਼ ਵਿਜੈਵਰਗੀ ਅਤੇ ਉਨ੍ਹਾਂ ਦੇ ਸਾਬਕਾ ਸਿਆਸੀ ਵਿਰੋਧੀ ਸੰਜੇ ਸ਼ੁਕਲਾ ਵਿਚਕਾਰ ਹਾਸੇ-ਠੱਠੇ ਦਾ ਇਕ ਵੀਡੀਉ ਮੀਡਆ ’ਤੇ ਵਾਇਰਲ ਹੋਇਆ ਹੈ। ਪ੍ਰੋਗਰਾਮ ’ਚ ਸ਼ੁਕਲਾ ਸਨਿਚਰਵਾਰ ਨੂੰ ਸੱਤਾਧਾਰੀ ਭਗਵੀਂ ਪਾਰਟੀ ’ਚ ਸ਼ਾਮਲ ਹੋਏ। 

ਇਸ ਵੀਡੀਉ ’ਚ, ਵਿਜੈਵਰਗੀ ਮਜ਼ਾਕ ’ਚ ਸ਼ੁਕਲਾ ਨੂੰ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਵੈਸੇ ਤਾਂ ਸ਼ੁਕਲਾ ਨੇ ਉਨ੍ਹਾਂ ਨੂੰ ਬਹੁਤ ਗਾਲ੍ਹਾਂ ਕਢੀਆਂ ਹਨ। ਸ਼ੁਕਲਾ ਕਾਂਗਰਸ ’ਚ ਸਨ ਜੋ ਸਨਿਚਰਵਾਰ ਨੂੰ ਭਾਜਪਾ ’ਚ ਸ਼ਾਮਲ ਹੋਏ। ਇੰਦੌਰ-1 ਦੇ ਸਾਬਕਾ ਵਿਧਾਇਕ ਸਮੇਤ ਕਾਂਗਰਸ ਦੇ ਕਈ ਆਗੂ ਸਨਿਚਰਵਾਰ ਸਵੇਰੇ ਇਥੇ ਕੇਂਦਰੀ ਮੰਤਰੀ ਸੁਰੇਸ਼ ਪਚੌਰੀ ਦੀ ਅਗਵਾਈ ’ਚ ਭਾਜਪਾ ’ਚ ਸ਼ਾਮਲ ਹੋ ਗਏ। 

ਨਵੰਬਰ 2023 ਦੀਆਂ ਚੋਣਾਂ ’ਚ ਸ਼ੁਕਲਾ ਇੰਦੌਰ-1 ਸੀਟ ਤੋਂ ਵਿਜੈਵਰਗੀ ਵਿਰੁਧ ਕਾਂਗਰਸ ਦੇ ਉਮੀਦਵਾਰ ਸਨ। ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਵਿਜੈਵਰਗੀ ਹੁਣ ਮੱਧ ਪ੍ਰਦੇਸ਼ ’ਚ ਕੈਬਿਨੇਟ ਮੰਤਰੀ ਹਨ। ਸਖ਼ਤ ਮੁਕਾਬਲੇ ਵਾਲੀ ਚੋਣ ’ਚ ਵਿਜੈਵਰਗੀ ਨੇ ਸੀਨੀਅਰ ਭਾਜਪਾ ਆਗੂ ਦੇ ਪੁੱਤਰ ਸ਼ੁਕਲਾ ਨੂੰ 57,000 ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ। ਅੱਜ ਸਵੇਰੇ ਭਾਜਪਾ ’ਚ ਸ਼ਾਮਲ ਹੋਣ ਦੌਰਾਨ ਸ਼ੁਕਲਾ ਨੇ ਵਿਜੈਵਰਗੀ ਦੇ ਪੈਰ ਛੂਹੇ। 

ਵਿਜੈਵਰਗੀ ਨੇ ਸ਼ੁਕਲਾ ਨੂੰ ਭਾਜਪਾ ਦਾ ਦੁਪੱਟਾ ਦਿੰਦਿਆਂ ਹਸਦਿਆਂ ਹਲਕੇ-ਫੁਲਕੇ ਅੰਦਾਜ਼ ’ਚ ਕਿਹਾ, ‘‘ਇਲੈਕਸ਼ਨ ’ਚ ਤਾਂ ਤੂੰ ਮੈਨੂੰ ਬਹੁਤ ਗਾਲ੍ਹਾਂ ਕੱਢੀਆਂ ਪਰ ਹੁਣ ਤੈਨੂੰ (ਪਾਰਟੀ ’ਚ) ਲੈਣਾ ਪੈ ਰਿਹਾ ਹੈ।’’ ਉਨ੍ਹਾਂ ਦਾ ਏਨਾ ਬੋਲਣਾ ਸੀ ਕਿ ਉੱਥੇ ਮੌਜੂਦ ਲੋਕਾਂ ਨੂੰ ਹਾਸਾ ਆ ਗਿਆ। ਸ਼ੁਕਲਾ ਦੇ ਪਿਤਾ ਸਵਰਗੀ ਵਿਸ਼ਣੂ ਸ਼ੁਕਲਾ ਇੰਦੌਰ ਦੇ ਸੀਨੀਅਰ ਭਾਜਪਾ ਆਗੂ ਸਨ। ਪਰ ਸੰਜੇ ਸ਼ੁਕਲਾ ਕਾਂਰਗਸ ਆਗੂ ਸਨ ਅਤੇ 2018 ਵਿਧਾਨ ਸਭਾ ਚੋਣਾਂ ’ਚ ਉਸ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਜਿੱਤੇ ਸਨ। 

ਕਾਂਗਰਸ ਨੇਤਾ ਸੁਰੇਸ਼ ਪਚੌਰੀ ਅਤੇ ਸਾਬਕਾ ਸੰਸਦ ਮੈਂਬਰ ਗਜੇਂਦਰ ਰਾਜੂਖੇੜੀ ਭਾਜਪਾ ’ਚ ਸ਼ਾਮਲ 

ਭੋਪਾਲ: ਮੱਧ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਪਚੌਰੀ, ਸਾਬਕਾ ਸੰਸਦ ਮੈਂਬਰ ਗਜੇਂਦਰ ਸਿੰਘ ਰਾਜੂਖੇੜੀ ਅਤੇ ਸਾਬਕਾ ਵਿਧਾਇਕਾਂ ਸਮੇਤ ਕਈ ਹੋਰ ਨੇਤਾ ਸਨਿਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ। ਪਚੌਰੀ ਰਾਜੂਖੇੜੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਵੀ.ਡੀ. ਪਚੌਰੀ ਸਮੇਤ ਹੋਰ ਨੇਤਾ ਸਵੇਰੇ ਪਾਰਟੀ ਦੇ ਸੂਬਾ ਹੈੱਡਕੁਆਰਟਰ ’ਤੇ ਮੌਜੂਦ ਸਨ। ਸ਼ਰਮਾ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਲ ਹੋਏ। 

ਉਨ੍ਹਾਂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਸੰਜੇ ਸ਼ੁਕਲਾ (ਇੰਦੌਰ-1), ਅਰਜੁਨ ਪਾਲੀਆ (ਪਿਪਰੀਆ), ਵਿਸ਼ਾਲ ਪਟੇਲ (ਦੇਪਾਲਪੁਰ-ਜ਼ਿਲ੍ਹਾ ਇੰਦੌਰ) ਵੀ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋ ਗਏ। ਗਾਂਧੀ ਪਰਵਾਰ ਦੇ ਕਰੀਬੀ ਮੰਨੇ ਜਾਣ ਵਾਲੇ ਪਚੌਰੀ ਕੇਂਦਰੀ ਰੱਖਿਆ ਉਤਪਾਦਨ ਰਾਜ ਮੰਤਰੀ ਵੀ ਰਹਿ ਚੁਕੇ ਹਨ। ਉਹ ਚਾਰ ਵਾਰ ਕਾਂਗਰਸ ਦੇ ਰਾਜ ਸਭਾ ਮੈਂਬਰ ਵੀ ਰਹਿ ਚੁਕੇ ਹਨ। ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿਚ ਕਈ ਅਹਿਮ ਅਹੁਦਿਆਂ ’ਤੇ ਰਹਿਣ ਦਾ ਮੌਕਾ ਵੀ ਮਿਲਿਆ, ਜਿਸ ਵਿਚ ਪਾਰਟੀ ਦੀ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਅਤੇ ਯੂਥ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਦਾ ਅਹੁਦਾ ਵੀ ਸ਼ਾਮਲ ਹੈ। 

ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਪਚੌਰੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਪਹਿਲਾਂ ਜਾਤੀ ਰਹਿਤ ਅਤੇ ਵਰਗ ਰਹਿਤ ਸਮਾਜ ਦੀ ਗੱਲ ਕਰਦੀ ਸੀ ਪਰ ਹੁਣ ਉਹ ਦੇਸ਼ ਨੂੰ ਜਾਤੀ ਦੇ ਆਧਾਰ ’ਤੇ ਵੰਡ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਜਾਤੀ ਵੰਡ ਦੀ ਗੱਲ ਕਰ ਰਹੀ ਹੈ, ਜਿਸ ਕਾਰਨ ਦੇਸ਼ ’ਚ ਜਾਤੀ ਟਕਰਾਅ ਪੈਦਾ ਹੋ ਗਿਆ ਹੈ। ਪਚੌਰੀ ਦਾ ਪਾਰਟੀ ’ਚ ਸਵਾਗਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਚੌਹਾਨ ਨੇ ਕਿਹਾ ਕਿ ਸੀਨੀਅਰ ਨੇਤਾ ਨੇ ਪਾਰਟੀ ’ਚ ਸ਼ਾਮਲ ਹੋਣ ’ਤੇ ਕੋਈ ਸ਼ਰਤ ਨਹੀਂ ਰੱਖੀ ਸੀ।