ਸਕੂਲੀ ਬੱਸ ਖੱਡ ਵਿਚ ਡਿੱਗੀ, 26 ਬੱਚਿਆਂ ਸਮੇਤ 29 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਇਹ ਦਰਦਨਾਕ ਹਾਦਸਾ ਅੱਜ ਦੁਪਹਿਰ ਸਮੇਂ ਵਾਪਰਿਆ ਜਦ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ।

29 died including 26 childrens as bus falls into gorge

ਸ਼ਿਮਲਾ, 9 ਅਪ੍ਰੈਲ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਸਕੂਲ ਬੱਸ 150 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ ਜਿਸ ਕਾਰਨ 26 ਸਕੂਲੀ ਬੱਚਿਆਂ, ਦੋ ਅਧਿਆਪਕਾਂ ਸਮੇਤ 29 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। 

ਇਹ ਦਰਦਨਾਕ ਹਾਦਸਾ ਅੱਜ ਦੁਪਹਿਰ ਸਮੇਂ ਵਾਪਰਿਆ ਜਦ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਬੱਸ ਵਿਚ 35 ਬੱਚਿਆਂ ਸਮੇਤ 40 ਜਣੇ ਸਵਾਰ ਸਨ। ਮਾਰੇ ਗਏ ਬੱਚੇ ਨਰਸਰੀ ਤੇ ਪੰਜਵੀਂ ਜਮਾਤ ਦੇ ਸਨ। ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਹੈ। ਛੇ ਜ਼ਖ਼ਮੀਆਂ ਨੂੰ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। 

ਐਸਡੀਐਮ ਨੂਰਪੁਰ ਨੇ ਦਸਿਆ ਕਿ ਹਾਦਸੇ ਵਿਚ ਕੁਲ 26 ਬੱਚਿਆਂ, ਦੋ ਅਧਿਆਪਕਾਂ ਸਮੇਤ 29 ਵਿਅਕਤੀਆਂ ਦੀ ਮੌਤ ਹੋ ਚੁਕੀ ਹੈ। ਨਿਜੀ ਸਕੂਲ ਦੀ ਬੱਸ ਛੁੱਟੀ ਮਗਰੋਂ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਕਿ ਨੂਰਪੁਰ-ਮਲਕਵਾਲ ਲਾਗੇ ਪਲਟ ਗਈ ਅਤੇ ਲਗਭਗ 150 ਫ਼ੁਟ ਡੂੰਘੀ ਖੱਡ ਵਿਚ ਡਿੱਗ ਗਈ। ਬਲਜੀਤ ਰਾਮ ਪਠਾਨੀਆ ਸਕੂਲ ਦੀ ਇਹ ਬੱਸ ਮਲਕਵਾਲ ਤੋਂ ਠੇਹੜ ਲਾਗੇ ਹਾਦਸੇ ਦਾ ਸ਼ਿਕਾਰ ਹੋਈ। ਜ਼ਖ਼ਮੀਆਂ ਬੱਚਿਆਂ ਨੂੰ ਨੂਰਪੁਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਕੁੱਝ ਨੂੰ ਪਠਾਨਕੋਟ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। 

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ। ਉਨ•ਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। (ਏਜੰਸੀ)