ਕਾਂਗਰਸ ਨੇ ਕੀਤੀ ਇਕ ਦਿਨਾ ਦੇਸ਼ਵਿਆਪੀ ਭੁੱਖ ਹੜਤਾਲ,ਸੱਜਣ ਕੁਮਾਰ ਤੇ ਟਾਈਟਲਰ ਤੋਂ ਸਟੇਜ਼ ਤੋਂ ਲਾਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਭਾਜਪਾ ਨੂੰ ਮਾਤ ਦੇਣ ਲਈ ਅਪਣੀ ਰਣਨੀਤੀ 'ਤੇ ਹੁਣੇ ਤੋਂ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ।

controversy at rajghat after reaching sajjan and tytlor

ਨਵੀਂ ਦਿੱਲੀ : ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਭਾਜਪਾ ਨੂੰ ਮਾਤ ਦੇਣ ਲਈ ਅਪਣੀ ਰਣਨੀਤੀ 'ਤੇ ਹੁਣੇ ਤੋਂ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਾਤੀ ਹਿੰਸਾ, ਸੰਪਰਦਾਇਕਤਾ ਅਤੇ ਸੰਸਦ ਨਾ ਚੱਲਣ ਦੇ ਵਿਰੁਧ ਕਾਂਗਰਸ ਦੇ ਦੇਸ਼ਵਿਆਪੀ ਇਕ ਦਿਨਾ ਭੁੱਖ ਹੜਤਾਲ ਦੀ ਅਗਵਾਈ ਕੀਤੀ। ਯੂਪੀਏ ਇਨ੍ਹਾਂ ਸਾਰਿਆਂ ਲਈ ਭਾਜਪਾ 'ਤੇ ਦੋਸ਼ ਲਗਾਉਂਦੀ ਹੈ। 

ਕਾਂਗਰਸ ਵਰਕਰ ਭਾਜਪਾ ਸਰਕਾਰ ਦੇ ਵਿਰੁਧ ਆਪਣੀ ਆਵਾਜ਼ ਬੁਲੰਦ ਕਰਨ ਅਤੇ ਦੇਸ਼ ਵਿਚ ਸੰਪਰਦਾਇਕ ਸੁਹਿਰਦਤਾ ਅਤੇ ਸ਼ਾਂਤੀ ਨੂੰ ਬੜ੍ਹਾਵਾ ਦੇਣ ਲਈ ਸਾਰੇ ਸੂਬਿਆਂ ਅਤੇ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਚ ਦਿਨ ਭਰ ਦੀ ਭੁੱਖ ਹੜਤਾਲ ਕਰ ਰਹੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ, ਸ਼ੀਲਾ ਦੀਕਸ਼ਤ, ਪੀਸੀ ਚਾਕੋ, ਦਿੱਲੀ ਕਾਂਗਰਸ ਪ੍ਰਧਾਨ ਅਜੈ ਮਾਕਨ ਅਤੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਇੱਥੇ ਰਾਜਘਾਟ 'ਤੇ ਮੌਜੂਦ ਸਨ। 

ਇਸ ਦੌਰਾਨ ਰਾਹੁਲ ਗਾਂਧੀ ਦੇ ਪਹੁੰਚਣ ਤੋਂ ਪਹਿਲਾਂ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਉਥੇ ਪਹੁੰਚ ਗਏ ਅਤੇ ਸਟੇਜ 'ਤੇ ਬੈਠਣ ਲਈ ਆਏ ਪਰ ਉਥੇ ਮੌਜੂਦ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਨੂੰ ਉਥੋਂ ਜਾਣ ਲਈ ਆਖ ਦਿਤਾ। ਇਸ ਤੋਂ ਬਾਅਦ ਸੱਜਣ ਕੁਮਾਰ ਅਤੇ ਟਾਈਟਲਰ ਤੁਰਤ ਉਥੋਂ ਚਲੇ ਗਏ। ਵਿਵਾਦ ਨੂੰ ਲੈ ਕੇ ਸੁਰਜੇਵਾਲਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਵਿਚ ਕੁੱਝ ਸਾਜਿਸ਼ਕਰਤਾ ਹਰ ਚੀਜ਼ ਵਿਚ ਗ਼ਲਤ ਮਤਲਬ ਕੱਢਦੇ ਹਨ। 

ਕਾਂਗਰਸ ਲਈ 84 ਦੰਗਿਆਂ ਵਿਚ ਦੋਸ਼ੀ ਮੰਨੇ ਜਾਂਦੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲ ਦੀ ਮੌਜੂਦਗੀ ਵੱਡੀ ਸਮੱਸਿਆ ਖੜ੍ਹੀ ਕਰ ਸਕਦੀ ਸੀ। ਇਸੇ ਕਰ ਕੇ ਉਨ੍ਹਾਂ ਨੂੰ ਸਮਾਗਮ ਤੋਂ ਜਾਣ ਲਈ ਆਖ ਦਿਤਾ ਗਿਆ। ਅਸਲ ਵਿਚ ਮਿਸ਼ਨ 2019 ਨੂੰ ਲੈ ਕੇ ਚੱਲ ਰਹੀ ਕਾਂਗਰਸ ਦਲਿਤਾਂ ਦੀ ਖ਼ੁਸ਼ਨੂਦਗੀ ਹਾਸਲ ਕਰਦੇ-ਕਰਦੇ ਸਿੱਖਾਂ ਦੀ ਨਰਾਜ਼ਗੀ ਨਹੀਂ ਸਹੇੜਨਾ ਚਾਹੁੰਦੀ ਕਿਉਂਕਿ ਇਸ ਨਾਲ ਉਸ ਦੇ ਵੋਟ ਬੈਂਕ ਨੂੰ ਨੁਕਸਾਨ ਹੋ ਸਕਦਾ ਹੈ। ਇਸੇ ਲਈ ਉਸ ਨੇ ਦੋਹੇ ਵਿਵਾਦਤ ਨੇਤਾਵਾਂ ਨੂੰ ਸਮਾਗਮ ਤੋਂ ਲਾਂਭੇ ਕਰਨਾ ਹੀ ਠੀਕ ਸਮਝਿਆ।