ਬਿਨਾਂ ਜ਼ਮੀਨ ਤੋਂ ਖੇਤੀ ਚੋਂ ਕਰੋੜਾ ਦੀ ਕਮਾਈ ਕਰ ਰਹੀ ਹੈ ਗੀਤਾਂਜਲੀ  

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਗੀਤਾਂਜਲੀ ਕਿਵੇਂ ਕਰ ਰਹੀ ਹੈ ਕਮਾਈ, ਜਾਣਨ ਲਈ ਪੜ੍ਹੋ

Geetanjali farmigen annual turnover worth rs 8 crores

ਨਵੀਂ ਦਿੱਲੀ: ਅੱਜ-ਕੱਲ੍ਹ ਖੇਤੀ ਨੂੰ ਘਾਟੇ ਦਾ ਸੌਦਾ ਸਮਝਿਆ ਜਾਣ ਲੱਗਾ ਹੈ। ਉੱਥੇ ਹੀ ਕੁਝ ਅਗਾਂਹਵਧੂ ਕਿਸਾਨ ਅਜਿਹੇ ਹਨ ਜੋ ਥੋੜ੍ਹੇ ਵਿਚੋਂ ਵੀ ਚੋਖੀ ਆਮਦਨ ਹਾਸਲ ਕਰ ਰਹੇ ਹਨ। ਅਜਿਹੇ ਕਿਸਾਨਾਂ ਵਿਚੋਂ ਇੱਕ ਹੈ 37 ਸਾਲਾ ਮਹਿਲਾ ਕਿਸਾਨ ਗੀਤਾਂਜਲੀ ਰਾਜਾਮਣੀ। ਉਹ ਪੋਸਟ ਗ੍ਰੈਜੂਏਟ ਹੈ। ਉਹ ਪਹਿਲਾਂ ਛੱਤ 'ਤੇ ਬਾਗ਼ਬਾਨੀ ਕੰਪਨੀ ਤੋਂ ਕਮਾਈ ਕਰਦੀ ਸੀ ਤੇ ਹੁਣ ਕੁਦਰਤੀ ਖੇਤੀ ਕੰਪਨੀ ਨਾਲ ਕਰੋੜਾਂ ਦੀ ਕਮਾਈ ਕਰ ਰਹੀ ਹੈ।

14 ਜੂਨ, 1981 'ਚ ਹੈਦਰਾਬਾਦ ਵਿਚ ਜਨਮੀ ਗੀਤਾਂਜਲੀ ਜਦ ਦੋ ਕੁ ਸਾਲਾਂ ਦੀ ਸੀ, ਉਸ ਦੇ ਪਿਤਾ ਦੀ ਮੌਤ ਹੋ ਗਈ। ਮਾਂ ਨੇ ਉਸ ਨੂੰ ਤੇ ਉਸ ਦੇ ਵੱਡੇ ਭਰਾ ਨੂੰ ਪੜ੍ਹਾਇਆ-ਲਿਖਾਇਆ। ਗੀਤਾਂਜਲੀ ਨੇ ਸਾਲ 2004 ਵਿਚ ਐਮਬੀਏ ਦੀ ਡਿਗਰੀ ਕਰ ਲਈ ਤੇ 12 ਸਾਲ ਨੌਕਰੀ ਕੀਤੀ। ਸਾਲ 2014 ਵਿਚ ਉਸ ਨੇ ਛੱਤ 'ਤੇ ਬਾਗ਼ ਯਾਨੀ ਰੂਫ ਟਾਪ ਗਾਰਡਨਿੰਗ, ਟੈਰੇਸ ਗਾਰਡਨਿੰਗ ਡਿਜ਼ਾਈਨਿੰਗ ਦਾ ਕੰਮ ਕਰਨ ਵਾਲੀ ਕੰਪਨੀ 'ਗ੍ਰੀਨ ਮਾਇ ਲਾਈਫ' ਦੀ ਸ਼ੁਰੂਆਤ ਕੀਤੀ। ਇਸ ਕੰਪਨੀ ਦਾ ਸਾਲਾਨਾ ਕਾਰੋਬਾਰ ਛੇ ਕਰੋੜ ਰੁਪਏ ਦਾ ਹੈ।

ਇਸ ਤੋਂ ਬਾਅਦ ਗੀਤਾਂਜਲੀ ਨੇ 'ਫਾਰਮੀਜਨ' ਕੰਪਨੀ ਖੋਲ੍ਹੀ। ਆਪਣੇ ਦੋ ਦੋਸਤਾਂ ਨਾਲ ਰਲ ਕੇ ਖੋਲ੍ਹੀ ਕੰਪਨੀ ਵਿਚ ਉਸ ਨੇ 600X600 ਵਰਗ ਫੁੱਟ ਯਾਨੀ ਤਕਰੀਬਨ ਸਵਾ ਦੋ ਮਰਲੇ ਥਾਂ ਨੂੰ ਲੋਕਾਂ ਲਈ ਕਿਰਾਏ 'ਤੇ ਲੈਣ ਦੀ ਪੇਸ਼ਕਸ਼ ਕੀਤੀ, ਜਿਸ ਵਿਚ ਉਹ ਆਪਣੀ ਮਰਜ਼ੀ ਦੀਆਂ ਸਬਜ਼ੀਆਂ ਲਵਾ ਸਕਦੇ ਹੋਣ।
ਫਾਰਮੀਜਨ ਵਿਚ ਪੈਦਾ ਹੋਣ ਵਾਲੀਆਂ ਸਬਜ਼ੀਆਂ, ਫਲ 'ਤੇ ਉਹ ਨਿੰਮ ਦਾ ਤੇਲ, ਅਰੰਡੀ ਤੇਲ ਆਦਿ ਦਾ ਛਿੜਕਾਅ ਕੀਤਾ ਜਾਂਦਾ ਹੈ। ਗੀਤਾਂਜਲੀ ਲੋਕਾਂ ਨੂੰ ਇਹ ਉਦਾਹਰਣ ਦੇ ਕੇ ਕੁਦਰਤੀ ਖੇਤੀ ਵੱਲ ਪ੍ਰੇਰਿਤ ਕਰਦੀ ਹੈ ਕਿ ਜੇਕਰ ਕੀੜਾ ਇਸ ਸਬਜ਼ੀ ਨੂੰ ਖਾ ਕੇ ਜਿਊਂਦਾ ਰਹਿ ਸਕਦਾ ਹੈ ਤਾਂ ਤੁਸੀਂ ਵੀ ਰਹਿ ਸਕਦੇ ਹੋ, ਅਜਿਹਾ ਕਰਦਿਆਂ ਤੁਸੀਂ ਯਕੀਨਨ ਜ਼ਹਿਰ ਤਾਂ ਨਹੀਂ ਖਾ ਰਹੇ।

ਗੀਤਾਂਜਲੀ ਤੇ ਉਸ ਦੇ ਦੋਸਤਾਂ ਨੇ ਬੈਂਗਲੁਰੂ, ਹੈਦਰਾਬਾਦ ਤੇ ਸੂਰਤ ਵਿਚ ਕੁੱਲ 46 ਏਕੜ ਰਕਬੇ ਤੋਂ 8.40 ਕਰੋੜ ਰੁਪਏ ਦਾ ਟਰਨਓਵਰ ਲੈਂਦੀ ਹੈ। ਗੀਤਾਂਜਲੀ ਦੀ ਯੋਜਨਾ ਦੀ ਖ਼ਾਸ ਗੱਲ ਇਹ ਹੈ ਕਿ ਉਸ ਨੇ ਇਹ ਜ਼ਮੀਨ ਖਰੀਦੀ ਨਹੀਂ ਬਲਕਿ ਕਿਸਾਨਾਂ ਤੋਂ ਹੀ ਆਰਗੈਨਿਕ ਖੇਤੀ ਵਾਸਤੇ ਲਈ ਹੈ। ਇਸ ਵਿਚ ਕੰਮ ਵੀ ਕਿਸਾਨ ਹੀ ਕਰਦੇ ਹਨ। ਫਾਰਮੀਜਨ ਤੇ ਕਿਸਾਨ 50-50 ਸਾਂਝੇਦਾਰੀ ਕਰਦੇ ਹਨ ਤੇ ਗਾਹਕਾਂ ਨੂੰ ਪਲਾਟ ਦੇ 2,500 ਰੁਪਏ ਵਸੂਲੇ ਜਾਂਦੇ ਹਨ। ਹੁਣ ਗੀਤਾਂਜਲੀ ਵ੍ਹੱਟਸਐਪ ਦੀ ਮਦਦ ਨਾਲ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਵਿਚ ਲੱਗੀ ਹੋਈ ਹੈ।