ਦੇਸ਼ ’ਚ ਕੋਵਿਡ ਦੇ ਇਕ ਦਿਨ ’ਚ 1,31,968 ਨਵੇਂ ਮਾਮਲੇ ਆਏ ਸਾਹਮਣੇ
ਦੇਸ਼ ਭਰ ਵਿਚ 9,43,34,262 ਲੋਕਾਂ ਨੂੰ ਕੋਰੋਨਾ ਟੀਕੇ ਜਾ ਚੁੱਕੇ ਹਨ ਲਗਾਏ
ਨਵੀਂ ਦਿੱਲੀ : ਭਾਰਤ ’ਚ ਇਕ ਦਿਨ ’ਚ ਕੋਵਿਡ 19 ਦੇ 1,31,968 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ’ਚ ਲਾਗ ਕੋਰੋਨਾ ਪੀੜਤਾਂ ਦੀ ਗਿਣਤੀ 1,30,60,542 ਹੋ ਗਈ ਹੈ। ਉਥੇ ਇਲਾਜ ਅਧੀਨ ਮਾਮਲੇ ਵੀ 9 ਲੱਖ 79 ਹਜ਼ਾਰ ਦੇ ਪਾਰ ਚਲੇ ਗਏ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਦੇਸ਼ ’ਚ ਵਾਇਰਸ ਨਾਲ 780 ਹੋਰ ਮਰੀਜ਼ਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,67,642 ਹੋ ਗਈ। ਦੇਸ਼ ’ਚ ਲਗਾਤਾਰ 30 ਦਿਨਾਂ ਤੋਂ ਨਵੇਂ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਅੰਕੜਿਆਂ ਮੁਤਾਬਕ, ਦੇਸ਼ ’ਚ ਹਾਲੇ ਤਕ ਕੁਲ 1,19,13,292 ਲੋਕ ਲਾਗ ਮੁਕਤ ਹੋ ਚੁੱਕੇ ਹਨ।
ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਦੇਸ਼ ਵਿਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। ਦੇਸ਼ ਭਰ ਵਿਚ 9,43,34,262 ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ। ਟੀਕਾਕਰਨ ਦਾ ਦੂਜਾ ਪੜਾਅ 13 ਫ਼ਰਵਰੀ ਨੂੰ ਸ਼ੁਰੂ ਹੋਇਆ ਸੀ।
ਕੋਰੋਨਾ ਮਾਮਲੇ ਵਿਚ ਭਾਰਤ ਵੀ ਅਮਰੀਕਾ ਦੀ ਰਾਹ ਤੇ ਚੱਲ ਰਿਹਾ ਹੈ। ਅਮਰੀਕਾ ਵਿਚ ਵੀ ਪਿਛਲੇ ਸਾਲ ਅਗਸਤ ਅਤੇ ਸਤੰਬਰ ਵਿਚ ਕੇਸ ਬਹੁਤ ਤੇਜ਼ੀ ਨਾਲ ਘਟਣੇ ਸ਼ੁਰੂ ਹੋਏ ਸਨ, ਫਿਰ ਅਚਾਨਕ ਅਕਤੂਬਰ ਤੋਂ ਇਹ ਵਧਣੇ ਸ਼ੁਰੂ ਹੋ ਗਏ ਅਤੇ ਦਸੰਬਰ ਵਿਚ ਇਕ ਮਹੀਨੇ ਵਿਚ ਰਿਕਾਰਡ 63.45 ਲੱਖ ਮਰੀਜ਼ ਮਿਲੇ।