ਭਾਰਤ-ਸ੍ਰੀਲੰਕਾ ਅਤਿਵਾਦੀ ਗਰੁਪਾਂ 'ਤੇ ਭਗੌੜਿਆਂ ਵਿਰੁੱਧ ਮਿਲ ਕੇ ਕੰਮ ਕਰਨ ਲਈ ਰਾਜ਼ੀ
ਪ੍ਰਤੀਨਿਧੀ ਮੰਡਲ ਪੱਧਰੀ ਇਹ ਪਹਿਲੀ ਵਰਚੁਅਲ ਬੈਠਕ ਸਕਾਰਾਤਮਕ ਤੇ ਵਿਕਾਸ ਦੇ ਮਾਹੌਲ ਵਿਚ ਹੋਈ।
ਨਵੀਂ ਦਿੱਲੀ : ਭਾਰਤ ਤੇ ਸ੍ਰੀਲੰਕਾ ਨੇ ਵੀਰਵਾਰ ਨੂੰ ਅਤਿਵਾਦੀ ਗਰੁੱਪਾਂ ਅਤੇ ਭਗੌੜਿਆਂ ਖ਼ਿਲਾਫ਼ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ, ਭਲੇ ਹੀ ਉਹ ਕਿਤੇ ਵੀ ਮੌਜੂਦ ਅਤੇ ਸਰਗਰਮ ਹੋਣ। ਦੋਵੇਂ ਦੇਸ਼ਾਂ ਨੇ ਰੀਅਲ ਟਾਈਮ ਇੰਟੈਲੀਜੈਂਸ ਸਾਂਝਾ ਕਰਨ ’ਤੇ ਵੀ ਜ਼ੋਰ ਦਿੱਤਾ। ਪੁਲਿਸ ਮੁਖੀਆਂ ਦੀ ਪਹਿਲੀ ਪ੍ਰਤੀਨਿਧੀ ਮੰਡਲ ਪੱਧਰੀ ਵਰਚੁਅਲ ਗੱਲਬਾਤ ਵਿਚ ਭਾਰਤ ਤੇ ਸ੍ਰੀਲੰਕਾ ਨੇ ਵਰਤਮਾਨ ਸਹਿਯੋਗ ਤੰਤਰ ਨੂੰ ਵੀ ਮਜ਼ਬੂਤ ਬਣਾਉਣ ਦਾ ਫ਼ੈਸਲਾ ਕੀਤਾ। ਨਾਲ ਹੀ ਵਰਤਮਾਨ ਅਤੇ ਉਭਰਨ ਵਾਲੀਆਂ ਸੁਰੱਖਿਆ ਚੁਣੌਤੀਆਂ ਨਾਲ ਸਮੇਂ ’ਤੇ ਅਤੇ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਨੋਡਲ ਪੁਆਇੰਟਸ ਤੈਅ ਕਰਨ ਦਾ ਫ਼ੈਸਲਾ ਲਿਆ। ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਖ਼ੁਫ਼ੀਆ ਬਿਊਰੋ (ਆਈਬੀ) ਦੇ ਨਿਰਦੇਸ਼ਕ ਅਰਵਿੰਦ ਕੁਮਾਰ ਨੇ ਕੀਤੀ, ਜਦਕਿ ਸ੍ਰੀਲੰਕਾ ਦੇ ਦਲ ਦੀ ਅਗਵਾਈ ਡੀਜੀਪੀ ਸੀਡੀ ਵਿਕਰਮਰਤਨੇ ਨੇ ਕੀਤੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਧਿਰਾਂ ਨੇ ਅਤਿਵਾਦੀ ਸੰਗਠਨਾਂ ਖ਼ਿਲਾਫ਼ ਸਾਂਝੇ ਰੂਪ ਨਾਲ ਕੰਮ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਜਿਨ੍ਹਾਂ ਵਿਚ ਵਿਸ਼ਵ ਪੱਧਰੀ ਅੱਤਵਾਦ ਸਮੂਹ ਅਤੇ ਭਗੌੜੇ ਸ਼ਾਮਲ ਹਨ। ਦੋਵੇਂ ਦੇਸ਼ਾਂ ਵਿਚਾਲੇ ਸਮੁੰਦਰੀ ਮਾਰਗ ਦਾ ਇਸਤੇਮਾਲ ਕਰਨ ਵਾਲੇ ਨਸ਼ੀਲੀਆਂ ਦਵਾਈਆਂ ਦੇ ਤਸਕਰਾਂ ਅਤੇ ਹੋਰ ਸੰਗਠਿਤ ਅਪਰਾਧੀਆਂ ਖ਼ਿਲਾਫ਼ ਜਾਰੀ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਦੋਵੇਂ ਧਿਰਾਂ ਨੇ ਰੀਅਲ ਟਾਈਮ ਇੰਟੈਲੀਜੈਂਸ ਅਤੇ ਫੀਡਬੈਕ ਸਾਂਝਾ ਕਰਨ ਦੀ ਲੋੜ ’ਤੇ ਵੀ ਜ਼ੋਰ ਦਿਤਾ।
ਬਿਆਨ ਮੁਤਾਬਕ, ਦੋਵੇਂ ਧਿਰਾਂ ਦੀਆਂ ਹੋਰਨਾਂ ਸੁਰੱਖਿਆ ਏਜੰਸੀਆਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਪੁਲਿਸ ਮੁਖੀਆਂ ਦੀ ਗੱਲਬਾਤ ਨਾਲ ਦੋਵੇਂ ਦੇਸ਼ਾਂ ਦੇ ਪੁਲਿਸ ਬਲਾਂ ਵਿਚਾਲੇ ਵਰਤਮਾਨ ਸਹਿਯੋਗ ਹੋਰ ਮਜ਼ਬੂਤ ਹੋਵੇਗਾ। ਪ੍ਰਤੀਨਿਧੀ ਮੰਡਲ ਪੱਧਰੀ ਇਹ ਪਹਿਲੀ ਵਰਚੁਅਲ ਬੈਠਕ ਸਕਾਰਾਤਮਕ ਤੇ ਵਿਕਾਸ ਦੇ ਮਾਹੌਲ ਵਿਚ ਹੋਈ।