ਉੱਤਰਾਖੰਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਹਿਮੇ ਲੋਕ ਘਰਾਂ 'ਚੋਂ ਨਿਕਲੇ ਬਾਹਰ

Earthquake

 

 ਦੇਹਰਾਦੂਨ : ਸ਼ਨੀਵਾਰ ਸ਼ਾਮ ਕਰੀਬ 4.52 ਵਜੇ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੀ ਬਡਕੋਟ ਯਮੁਨੋਤਰੀ ਘਾਟੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਤੋਂ ਬਾਅਦ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਭੂਚਾਲ ਦੇ ਝਟਕੇ ਬਡਕੋਟ ਯਮੁਨੋਤਰੀ ਘਾਟੀ ਤੋਂ ਇਲਾਵਾ ਪੁਰੋਲਾ ਅਤੇ ਮੋਰੀ ਤਹਿਸੀਲਾਂ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਹਿਮਾਚਲ ਦੱਸਿਆ ਜਾ ਰਿਹਾ ਹੈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.1 ਦੱਸੀ ਗਈ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ, ਪਰ ਸਥਿਤੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਭੂਚਾਲ ਦੇ ਝਟਕੇ ਯਮੁਨੋਤਰੀਧਾਮ ਅਤੇ ਖਰਸ਼ਾਲੀ ਤੱਕ ਮਹਿਸੂਸ ਕੀਤੇ ਗਏ। ਦਹਿਸ਼ਤ ਵਿੱਚ ਲੋਕ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨ ਵੱਲ ਭੱਜੇ। ਉੱਤਰਕਾਸ਼ੀ ਵਿੱਚ ਪਹਿਲਾਂ ਵੀ ਕਈ ਵਾਰ ਭੂਚਾਲ ਕਾਰਨ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਲੋਕ ਡਰੇ ਹੋਏ ਹਨ।