ਰਾਜਸਥਾਨ 'ਚ ਪੈ ਰਹੀ ਸਭ ਤੋਂ ਵੱਧ ਗਰਮੀ, ਪਾਰਾ ਪਹੁੰਚਿਆ 45 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕਾਂ ਦਾ ਘਰ ਤੋਂ ਬਾਹਰ ਜਾਣਾ ਹੋਇਆ ਮੁਸ਼ਕਿਲ

Rajasthan

 

ਜੈਪੁਰ:  ਰਾਜਸਥਾਨ ਵਿੱਚ ਰਿਕਾਰਡਤੋੜ ਗਰਮੀ ਪੈ ਰਹੀ ਹੈ। ਸ਼ਨੀਵਾਰ ਨੂੰ ਹਨੂੰਮਾਨਗੜ੍ਹ ਦੇ ਧੌਲਪੁਰ 'ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਦੈਪੁਰ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਵਿੱਚ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਜੋਧਪੁਰ, ਬੀਕਾਨੇਰ, ਜੈਸਲਮੇਰ ਸਮੇਤ ਪੱਛਮੀ ਰਾਜਸਥਾਨ ਦੇ ਕਈ ਸ਼ਹਿਰਾਂ 'ਚ ਗਰਮੀ ਦਾ ਕਹਿਰ ਨਾਲ ਲੋਕ ਪਰੇਸ਼ਾਨ ਹੋ ਗਏ। ਮੌਸਮ ਵਿਭਾਗ ਨੇ 11-12 ਅਪ੍ਰੈਲ ਨੂੰ ਬਾੜਮੇਰ, ਬੀਕਾਨੇਰ, ਚੁਰੂ, ਜੋਧਪੁਰ, ਜਾਲੋਰ ਵਿੱਚ 35 ਕਿਲੋਮੀਟਰ ਦੀ ਰਫ਼ਤਾਰ ਨਾਲ ਗਰਮ ਹਵਾ ਚੱਲਣ ਦੀ ਭਵਿੱਖਬਾਣੀ ਕੀਤੀ ਹੈ।

 

 

 

ਸ਼ਨੀਵਾਰ ਨੂੰ ਪਿਲਾਨੀ, ਚੁਰੂ, ਗੰਗਾਨਗਰ, ਟੋਂਕ, ਬਾਰਾਨ, ਕਰੌਲੀ ਅਤੇ ਸਵਾਈ ਮਾਧੋਪੁਰ ਵਿੱਚ ਦਿਨ ਦਾ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਹਨੂੰਮਾਨਗੜ੍ਹ, ਧੌਲਪੁਰ ਵਿੱਚ ਪਾਰਾ 45 ਡਿਗਰੀ ਸੈਲਸੀਅਸ ਤੋਂ ਉਪਰ ਰਿਹਾ। ਇੱਥੋਂ ਤੱਕ ਕਿ ਜਦੋਂ ਲੋਕ ਘਰੋਂ ਨਿਕਲਦੇ ਹਨ, ਤਾਂ ਉਹ ਆਪਣੇ ਸਿਰ ਅਤੇ ਚਿਹਰੇ ਨੂੰ ਢੱਕ  ਕੇ ਨਿਕਲ ਰਹੇ ਹਨ।

ਜੈਪੁਰ ਵਿੱਚ ਵੀ ਦਿਨ ਵੇਲੇ ਗਰਮੀ ਦਾ ਕਹਿਰ ਬਰਕਰਾਰ ਰਿਹਾ। ਵੱਧ ਤੋਂ ਵੱਧ ਤਾਪਮਾਨ 42.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੈਪੁਰ 'ਚ ਸਵੇਰੇ 11 ਵਜੇ ਤੋਂ ਹੀ ਗਰਮ ਹਵਾਵਾਂ ਚੱਲਣ ਲੱਗ ਪਈਆਂ। ਦਿਨ ਵੇਲੇ ਮੁੱਖ ਸੜਕਾਂ ’ਤੇ ਗਰਮੀ ਕਾਰਨ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਮੁੱਖ ਸੜਕਾਂ 'ਤੇ ਆਮ ਦਿਨਾਂ ਦੇ ਮੁਕਾਬਲੇ ਘੱਟ ਆਵਾਜਾਈ ਹੈ।

 

ਸੂਬੇ 'ਚ ਦਿਨ ਦੇ ਨਾਲ-ਨਾਲ ਰਾਤ ਦੇ ਸਮੇਂ ਵੀ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਅਜਮੇਰ, ਜੈਪੁਰ, ਜੋਧਪੁਰ, ਨਾਗੌਰ, ਟੋਂਕ, ਡੂੰਗਰਪੁਰ ਅਤੇ ਬਾਂਸਵਾੜਾ ਵਿੱਚ ਸ਼ੁੱਕਰਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਬੀਤੀ ਰਾਤ ਬਾਂਸਵਾੜਾ ਵਿੱਚ 27.7 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਗਰਮ ਰਾਤ ਰਹੀ।