ਵਿਸ਼ਵ ’ਚ ਵਪਾਰ ਯੁੱਧ ਹੋਇਆ ਸ਼ੁਰੂ, ਟਰੰਪ ਦੇ ਟੈਰਿਫ਼ ਦਾ ਚੀਨ ਤੋਂ ਬਾਅਦ ਯੂਰਪ ਨੇ ਵੀ ਦਿਤਾ ਜਵਾਬ
ਅਮਰੀਕੀ ਵਸਤਾਂ ’ਤੇ ਲਗਾਏ 23 ਅਰਬ ਡਾਲਰ ਦੇ ਨਵੇਂ ਟੈਰਿਫ਼, ਚੀਨ ਨੇ ਟਰੰਪ ਦੇ ਟੈਰਿਫ਼ ਦੇ ਜਵਾਬ ’ਚ 84 ਫ਼ੀ ਸਦੀ ਟੈਰਿਫ਼ ਠੋਕਿਆ
ਬੀਜਿੰਗ/ਬ੍ਰਸੇਲਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ੁਰੂ ਟੈਰਿਫ਼ ਜੰਗ ਪੂਰੀ ਤਰ੍ਹਾਂ ਭਖ ਚੁਕੀ ਹੈ। ਚੀਨ ਵਲੋਂ ਅਮਰੀਕੀ ਤੋਂ ਆਈਆਂ ਵਸਤਾਂ ’ਤੇ 84 ਫ਼ੀ ਸਦੀ ਟੈਕਸ ਲਗਾਉਣ ਦੇ ਐਲਾਨ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੇ ਵੀ ਅਮਰੀਕਾ ਤੋਂ ਆਯਾਤ ਕੀਤੇ 23 ਅਰਬ ਡਾਲਰ ਦੇ ਸਾਮਾਨ ’ਤੇ ਜਵਾਬੀ ਟੈਰਿਫ ਨੂੰ ਮਨਜ਼ੂਰੀ ਦੇ ਦਿਤੀ ਹੈ। ਯੂਰੋਪ ਨੇ ਇਹ ਟੈਰਿਫ਼ ਸਟੀਲ ਅਤੇ ਐਲੂਮੀਨੀਅਮ ’ਤੇ ਅਮਰੀਕਾ ਵਲੋਂ ਲਗਾਏ 25 ਫ਼ੀ ਸਦੀ ਟੈਰਿਫ ਦੇ ਜਵਾਬ ’ਚ ਲਗਾਇਆ ਹੈ। ਦੂਜੇ ਪਾਸੇ ਟਰੰਪ ਵਲੋਂ ਚੀਨ ’ਤੇ 104 ਫੀ ਸਦੀ ਸਮੇਤ 60 ਦੇਸ਼ਾਂ ’ਤੇ ਲਗਾਏ ਗਏ ਨਵੇਂ ਟੈਰਿਫ ਬੁਧਵਾਰ ਅੱਧੀ ਰਾਤ ਤੋਂ ਲਾਗੂ ਹੋ ਗਏ ਹਨ।
ਯੂਰੋਪ ਦੇ ਟੈਰਿਫ ਪੜਾਵਾਂ ’ਚ ਲਾਗੂ ਹੋਣਗੇ। ਕੁੱਝ 15 ਅਪ੍ਰੈਲ ਨੂੰ ਅਤੇ ਕੁੱਝ 15 ਮਈ ਅਤੇ 1 ਦਸੰਬਰ ਨੂੰ। ਯੂਰਪੀਅਨ ਯੂਨੀਅਨ ਦੇ ਕਾਰਜਕਾਰੀ ਕਮਿਸ਼ਨ ਨੇ ਅਮਰੀਕੀ ਮਾਲ ਦੀ ਸੂਚੀ ਤੁਰਤ ਪ੍ਰਦਾਨ ਨਹੀਂ ਕੀਤੀ, ਜਿਨ੍ਹਾਂ ’ਤੇ ਟੈਰਿਫ਼ ਲਾਗੂ ਹੋਵੇਗਾ।
27 ਦੇਸ਼ਾਂ ਦੇ ਸਮੂਹ ਦੇ ਮੈਂਬਰਾਂ ਨੇ ਵਪਾਰਕ ਮੁੱਦਿਆਂ ਨੂੰ ਸੁਲਝਾਉਣ ਲਈ ਗੱਲਬਾਤ ਦੇ ਸਮਝੌਤੇ ਲਈ ਅਪਣੀ ਤਰਜੀਹ ਵੀ ਦੁਹਰਾਈ ਅਤੇ ਕਿਹਾ, ‘‘ਯੂਰਪੀਅਨ ਯੂਨੀਅਨ ਅਮਰੀਕੀ ਟੈਰਿਫ ਨੂੰ ਅਣਉਚਿਤ ਅਤੇ ਨੁਕਸਾਨਦੇਹ ਮੰਨਦਾ ਹੈ, ਜਿਸ ਨਾਲ ਦੋਹਾਂ ਧਿਰਾਂ ਦੇ ਨਾਲ-ਨਾਲ ਆਲਮੀ ਆਰਥਕਤਾ ਨੂੰ ਆਰਥਕ ਨੁਕਸਾਨ ਹੁੰਦਾ ਹੈ। ਯੂਰਪੀਅਨ ਯੂਨੀਅਨ ਨੇ ਅਮਰੀਕਾ ਨਾਲ ਗੱਲਬਾਤ ਦੇ ਨਤੀਜੇ ਲੱਭਣ ਲਈ ਅਪਣੀ ਸਪੱਸ਼ਟ ਤਰਜੀਹ ਦਿਤੀ ਹੈ, ਜੋ ਸੰਤੁਲਿਤ ਅਤੇ ਆਪਸੀ ਲਾਭਦਾਇਕ ਹੋਣਗੇ।’’
ਚੀਨ ਨੇ ਬੁਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੀਨੀ ਨਿਰਯਾਤ ’ਤੇ ਲਗਾਏ ਗਏ ਟੈਰਿਫ ਦਾ ਜਵਾਬ ਦਿੰਦੇ ਹੋਏ ਅਮਰੀਕਾ ਤੋਂ ਆਯਾਤ ’ਤੇ ਟੈਰਿਫ਼ ਨੂੰ 34 ਫੀ ਸਦੀ ਤੋਂ ਵਧਾ ਕੇ 84 ਫ਼ੀ ਸਦੀ ਕਰ ਦਿਤਾ। ਟਰੰਪ ਨੇ ਸੋਮਵਾਰ ਨੂੰ ਚੀਨ ’ਤੇ 50 ਫੀ ਸਦੀ ਵਾਧੂ ਟੈਰਿਫ ਲਗਾਉਣ ਦੀ ਧਮਕੀ ਉਦੋਂ ਦਿਤੀ ਸੀ ਜਦੋਂ ਬੀਜਿੰਗ ਨੇ ਮੰਗਲਵਾਰ ਤਕ ਅਮਰੀਕੀ ਸਾਮਾਨ ’ਤੇ 34 ਫੀ ਸਦੀ ਟੈਰਿਫ ਵਾਪਸ ਲੈਣ ਤੋਂ ਇਨਕਾਰ ਕਰ ਦਿਤਾ ਸੀ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਬੁਧਵਾਰ ਨੂੰ ਸਟੇਟ ਕੌਂਸਲ ਦੇ ਕਸਟਮ ਟੈਰਿਫ ਕਮਿਸ਼ਨ ਦੇ ਹਵਾਲੇ ਨਾਲ ਦਸਿਆ ਕਿ ਚੀਨ ਵੀਰਵਾਰ ਤੋਂ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ ’ਤੇ ਵਾਧੂ ਟੈਰਿਫ ਵਧਾ ਕੇ 84 ਫੀ ਸਦੀ ਕਰ ਦੇਵੇਗਾ।
ਚੀਨ ਨੇ ਅਮਰੀਕਾ ਦੇ ਤਾਜ਼ਾ ਟੈਰਿਫ ਵਾਧੇ ਤੋਂ ਬਾਅਦ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਦੇ ਵਿਵਾਦ ਨਿਪਟਾਰੇ ਦੀ ਪ੍ਰਣਾਲੀ ਵਿਚ ਅਮਰੀਕਾ ਵਿਰੁਧ ਮੁਕੱਦਮਾ ਦਾਇਰ ਕੀਤਾ ਹੈ। ਵਣਜ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਕਿ ਅਮਰੀਕਾ ਦੇ ਵਾਧੂ ਟੈਰਿਫ ਉਪਾਅ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਕਰਦੇ ਹਨ। ਬੁਲਾਰੇ ਨੇ ਕਿਹਾ ਕਿ ਵਾਧੂ 50 ਫੀ ਸਦੀ ਟੈਰਿਫ ਲਗਾਉਣਾ ਮੌਜੂਦਾ ਟੈਰਿਫ ਦੇ ਉੱਪਰ ਇਕ ਗੰਭੀਰ ਗਲਤੀ ਹੈ ਅਤੇ ਇਹ ਅਮਰੀਕੀ ਕਾਰਵਾਈਆਂ ਦੀ ਇਕਪਾਸੜ ਧੱਕੇਸ਼ਾਹੀ ਦੀ ਪ੍ਰਕਿਰਤੀ ਨੂੰ ਦਰਸਾਉਂਦਾ ਹੈ। ਚੀਨ ਦੇ ਵਣਜ ਮੰਤਰਾਲੇ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਇਸ ਤੋਂ ਇਲਾਵਾ ਚੀਨ ਨੇ ਅਪਣੀ ਗੈਰ-ਭਰੋਸੇਯੋਗ ਇਕਾਈ ਸੂਚੀ ਵਿਚ ਛੇ ਅਮਰੀਕੀ ਕੰਪਨੀਆਂ ਨੂੰ ਸ਼ਾਮਲ ਕੀਤਾ ਹੈ।
ਮੰਤਰਾਲੇ ਦੇ ਇਕ ਬੁਲਾਰੇ ਨੇ ਦਸਿਆ ਕਿ ਚੀਨ ਦੇ ਸਖਤ ਵਿਰੋਧ ਦੀ ਅਣਦੇਖੀ ਕਰਦਿਆਂ ਇਨ੍ਹਾਂ ਕੰਪਨੀਆਂ ਨੇ ਹਾਲ ਹੀ ਦੇ ਸਾਲਾਂ ਵਿਚ ਜਾਂ ਤਾਂ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਵਿਚ ਹਿੱਸਾ ਲਿਆ ਹੈ ਜਾਂ ਤਾਈਵਾਨ ਨਾਲ ਅਖੌਤੀ ਫੌਜੀ ਤਕਨਾਲੋਜੀ ਸਹਿਯੋਗ ਵਿਚ ਸ਼ਾਮਲ ਹਨ, ਜਿਸ ਨਾਲ ਚੀਨ ਦੀ ਕੌਮੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਹਿੱਤਾਂ ਨੂੰ ਗੰਭੀਰ ਰੂਪ ਨਾਲ ਕਮਜ਼ੋਰ ਕੀਤਾ ਗਿਆ ਹੈ।
ਚੀਨ ਦੇ ਰਾਸ਼ਟਰਪਤੀ ਨੇ ਗੁਆਂਢੀ ਦੇਸ਼ਾਂ ਨਾਲ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗੁਆਂਢੀ ਦੇਸ਼ਾਂ ਨਾਲ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਅਤੇ ‘ਮਤਭੇਦਾਂ’ ਦਾ ਸਹੀ ਢੰਗ ਨਾਲ ਪ੍ਰਬੰਧਨ ਅਤੇ ਸਪਲਾਈ ਚੇਨ ਸਬੰਧਾਂ ਨੂੰ ਬਿਹਤਰ ਕਰਨ ਦਾ ਅਹਿਦ ਕੀਤਾ। ਅਮਰੀਕੀ ਟੈਰਿਫ ਤੋਂ ਬਾਅਦ ਆਪਣੇ ਪਹਿਲੇ ਜਨਤਕ ਭਾਸ਼ਣ ’ਚ ਸ਼ੀ ਨੇ ਗੁਆਂਢੀ ਦੇਸ਼ਾਂ ਨਾਲ ਸਾਂਝੇ ਭਵਿੱਖ ਵਾਲਾ ਭਾਈਚਾਰਾ ਬਣਾਉਣ ਅਤੇ ਚੀਨ ਦੇ ਗੁਆਂਢੀ ਕੰਮਾਂ ਲਈ ਨਵੀਂ ਜ਼ਮੀਨ ਖੋਲ੍ਹਣ ਦੀ ਕੋਸ਼ਿਸ਼ ਕਰਨ ਦਾ ਸੱਦਾ ਦਿਤਾ।
ਬਹੁਤ ਸਾਰੇ ਦੇਸ਼ ਮੇਰੇ ਨਾਲ ਗੱਲ ਕਰਨ ਲਈ ਉਤਵਾਲੇ ਹਨ : ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਲੋਂ ਟੈਰਿਫ਼ ਦੇ ਐਲਾਨ ਤੋਂ ਬਾਅਦ ‘ਵਿਸ਼ਵ ਭਰ ਦੇ ਲੀਡਰ’ ਅਮਰੀਕਾ ਨਾਲ ਸਮਝੌਤਾ ਕਰਨ ਲਈ ਪੱਬਾਂ ਭਾਰ ਹਨ। ਰਾਸਟਰੀ ਰਿਪਬਲਿਕਨ ਕਾਂਗਰਸ ਕਮੇਟੀ ਸਾਹਮਣੇ ਇਕ ਭਾਸ਼ਣ ’ਚ ਉਨ੍ਹਾਂ ਕਿਹਾ, ‘‘ਇਹ ਦੇਸ਼ ਮੇਰੇ ਨਾਲ ਗੱਲ ਕਰਨ ਲਈ ਉਤਾਵਲੇ ਹਨ ਅਤੇ ਕੁੱਝ ਵੀ ਕਰਨ ਨੂੰ ਤਿਆਰ ਹਨ।’’ ਯੂਰਪੀਅਨ ਯੂਨੀਅਨ ਦੇ ਕਾਰਜਕਾਰੀ ਕਮਿਸ਼ਨ ਦੀ ਮੁਖੀ ਉਰਸੁਲਾ ਵਾਨ ਡੇਰ ਲੇਯੇਨ ਨੇ ਕਾਰਾਂ ਸਮੇਤ ਉਦਯੋਗਿਕ ਵਸਤਾਂ ’ਤੇ ਸਿਫ਼ਰ ਟੈਰਿਫ ਸੌਦੇ ਦੀ ਪੇਸ਼ਕਸ਼ ਕੀਤੀ ਹੈ। ਪਰ ਟਰੰਪ ਨੇ ਕਿਹਾ ਹੈ ਕਿ ਇਹ ਅਮਰੀਕੀ ਚਿੰਤਾਵਾਂ ਨੂੰ ਸੰਤੁਸ਼ਟ ਕਰਨ ਲਈ ਕਾਫ਼ੀ ਨਹੀਂ ਹੈ।
ਅਮਰੀਕੀ ਟੈਰਿਫ ਨੂੰ ਲੈ ਕੇ ਭਾਰਤ ਦੀ ‘ਚਲਾਕ’ ਪਹੁੰਚ ਤਰਜੀਹੀ ਬਾਜ਼ਾਰ ਪਹੁੰਚ ਨੂੰ ਸੁਰੱਖਿਅਤ ਕਰ ਸਕਦੀ ਹੈ : ਵਪਾਰ ਸਲਾਹਕਾਰ
ਵਾਸ਼ਿੰਗਟਨ : ਯੂ.ਐੱਸ.ਆਈ.ਐੱਸ.ਪੀ.ਐੱਫ. ਦੇ ਸੀਨੀਅਰ ਸਲਾਹਕਾਰ ਮਾਰਕ ਲਿਨਸਕੌਟ ਨੇ ਟਰੰਪ ਪ੍ਰਸ਼ਾਸਨ ਦੇ ਟੈਰਿਫ ਦੇ ਬਦਲੇ ਦੀ ਬਜਾਏ ਕੂਟਨੀਤੀ ਨੂੰ ਤਰਜੀਹ ਦੇਣ ਦੇ ਭਾਰਤ ਦੇ ‘ਬੇਹੱਦ ਚਲਾਕ’ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ‘ਸਹੀ ਫੈਸਲਾ’ ਦਸਿਆ। ਉਨ੍ਹਾਂ ਨੇ ਚੇਤਾਵਨੀ ਦਿਤੀ ਕਿ ਜਵਾਬੀ ਟੈਰਿਫ ਅਕਸਰ ਤਣਾਅ ਨੂੰ ਵਧਾਉਣ ਦਾ ਕਾਰਨ ਬਣਦੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਦਾ ਨਿਰਪੱਖ ਰੁਖ ਭਾਵੇਂ ਸਿਆਸੀ ਤੌਰ ’ਤੇ ਮਹਿੰਗਾ ਹੈ ਪਰ ਇਸ ਨੇ ਦੋ-ਪੱਖੀ ਵਪਾਰ ਗੱਲਬਾਤ ਲਈ ਮਜ਼ਬੂਤ ਨੀਂਹ ਰੱਖੀ ਹੈ। ਲਿਨਸਕਾਟ ਨੇ ਟੈਰਿਫ ਵਿਵਾਦਾਂ ਨੂੰ ਸੁਲਝਾਉਣ ਦੀ ਉਮੀਦ ਜ਼ਾਹਰ ਕੀਤੀ ਅਤੇ ਸੰਭਾਵਤ ਚੁਨੌਤੀਆਂ ਦਾ ਜ਼ਿਕਰ ਕੀਤਾ, ਜਿਵੇਂ ਕਿ ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ਲਈ ਅਪਣੇ ਬਾਜ਼ਾਰ ਖੋਲ੍ਹਣ ਤੋਂ ਝਿਜਕਦਾ ਹੈ।
ਉਨ੍ਹਾਂ ਨੇ ਟਰੰਪ ਦੇ ‘ਆਲਮੀ ਟੈਰਿਫ’ ਦੇ ਆਰਥਕ ਨਤੀਜਿਆਂ ਨੂੰ ਉਜਾਗਰ ਕੀਤਾ ਅਤੇ ਦੂਜੇ ਵਿਸ਼ਵ ਜੰਗ ਦੇ ਸਮੇਂ ਦੇ ਸੁਰੱਖਿਆਵਾਦ ਦੀ ਤੁਲਨਾ ਕਰਦਿਆਂ ਕਿਹਾ, ‘‘ਹਰ ਕੋਈ ਦੁਖੀ ਹੈ।’’ ਜੋਖਮਾਂ ਦੇ ਬਾਵਜੂਦ, ਲਿਨਸਕਾਟ ਨੇ ਭਾਰਤ ਲਈ ਸੁਨਹਿਰੀ ਕਿਰਨ ਵੇਖੀ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਤਰਜੀਹੀ ਅਮਰੀਕੀ ਬਾਜ਼ਾਰ ਪਹੁੰਚ ਪ੍ਰਾਪਤ ਕਰ ਸਕਦਾ ਹੈ।