NIA raid: ਐਨ.ਆਈ.ਏ. ਵਲੋਂ ਗੋਲਡੀ ਬਰਾੜ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ
ਗੁਰੂਗ੍ਰਾਮ ’ਚ ਹੋਏ ਗ੍ਰਨੇਡ ਹਮਲਿਆਂ ਦੀ ਜਾਂਚ ਸਬੰਧੀ ਕੀਤੀ ਕਾਰਵਾਈ
NIA raids locations linked to Goldy Brar: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਸਬੰਧਤ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨਾਲ ਜੁੜੇ ਕਈ ਟਿਕਾਣਿਆਂ ’ਤੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ’ਚ ਛਾਪੇਮਾਰੀ ਕੀਤੀ। ਗੁਰੂਗ੍ਰਾਮ ਦੇ ਸੈਕਟਰ-29 ਸਥਿਤ ਵੇਅਰਹਾਊਸ ਕਲੱਬ ਅਤੇ ਹਿਊਮਨ ਕਲੱਬ ’ਤੇ ਦਸੰਬਰ 2024 ’ਚ ਹੋਏ ਗ੍ਰਨੇਡ ਹਮਲਿਆਂ ਦੀ ਜਾਂਚ ਦੇ ਸਿਲਸਿਲੇ ’ਚ ਕੈਨੇਡਾ ਅਧਾਰਤ ਬਰਾੜ ਅਤੇ ਅਮਰੀਕਾ ਅਧਾਰਤ ਗੈਂਗਸਟਰ ਰਣਦੀਪ ਮਲਿਕ ਨਾਲ ਜੁੜੇ ਸ਼ੱਕੀ ਅਤੇ ਮੁਲਜ਼ਮਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਸੀ। ਐਨ.ਆਈ.ਏ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਜ ਸਵੇਰੇ ਦੋਹਾਂ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅੱਠ ਥਾਵਾਂ ’ਤੇ ਕੀਤੀ ਗਈ ਤਲਾਸ਼ੀ ਦੌਰਾਨ ਕਈ ਇਲੈਕਟਰਾਨਿਕ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ ਗਈ। ਐਨ.ਆਈ.ਏ. ਬੰਬ ਧਮਾਕੇ ਦੀ ਘਟਨਾ ਦੇ ਪਿੱਛੇ ਦੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਸਮੱਗਰੀ ਦੀ ਜਾਂਚ ਕਰ ਰਹੀ ਹੈ, ਜਿਸ ’ਚ ਹਮਲਿਆਂ ’ਚ ਸ਼ਾਮਲ ਮੁਲਜ਼ਮਾਂ ਕੋਲੋਂ ਹਥਿਆਰ, ਗੋਲਾ ਬਾਰੂਦ ਅਤੇ ਵਿਸਫੋਟਕ ਜ਼ਬਤ ਕੀਤੇ ਗਏ ਸਨ।
ਐਨ.ਆਈ.ਏ. ਨੇ ਕਿਹਾ ਕਿ ਹਮਲੇ ਤੋਂ ਤੁਰਤ ਬਾਅਦ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਐਨ.ਆਈ.ਏ. ਦੀ ਜਾਂਚ ’ਚ ਮਲਿਕ ਅਤੇ ਬਰਾੜ ਦਾ ਪਰਦਾਫਾਸ਼ ਹੋਇਆ, ਜਿਸ ਨੇ ਪਹਿਲਾਂ ਕਲੱਬ ਮਾਲਕਾਂ ਨੂੰ ਧਮਕੀ ਦਿਤੀ ਸੀ ਅਤੇ ਹਮਲਿਆਂ ਦੀ ਸਾਜ਼ਸ਼ ਰਚਣ ਲਈ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਸੀ। ਐਨ.ਆਈ.ਏ. ਨੇ ਕਿਹਾ ਕਿ 2 ਜਨਵਰੀ 2025 ਨੂੰ ਦਰਜ ਮਾਮਲੇ ਦੀ ਜਾਂਚ ਜਾਰੀ ਹੈ।