ਵਿਜੇਪੁਰ (ਕਰਨਾਟਕ), ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਥੇ ਚੋਣ ਰੈਲੀ ਵਿਚ ਕੇਂਦਰ ਦੀ ਮੋਦੀ ਸਰਕਾਰ 'ਤੇ ਕਾਂਗਰਸ ਦੇ ਰਾਜ ਵਾਲੇ ਕਰਨਾਟਕ ਨਾਲ ਭੇਦਭਾਵ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਦੇ 'ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ' ਨਾਹਰੇ 'ਤੇ ਸਵਾਲ ਚੁਕੇ। ਸੋਨੀਆ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਿਧਾਰਮਈਆ ਸਰਕਾਰ 'ਤੇ ਹਮਲਾ ਕਰ ਰਹੇ ਪ੍ਰਧਾਨ ਮੰਤਰੀ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨੀ ਸੰਸਥਾ ਲੋਕਪਾਲ ਦਾ ਕੀ ਬਣਿਆ ਜਿਸ ਨੂੰ ਕਾਇਮ ਕਰਨ ਦੀ ਤਜਵੀਜ਼ ਸੀ। ਪਿਛਲੇ ਦੋ ਸਾਲਾਂ ਵਿਚ ਸੋਨੀਆ ਦੀ ਇਹ ਪਹਿਲੀ ਚੋਣ ਰੈਲੀ ਸੀ।
ਉਨ੍ਹਾਂ ਕਿਹਾ, 'ਮੋਦੀ ਸਰਕਾਰ ਕਰਨਾਟਕ ਵਿਚ ਸਾਡੀ ਸਰਕਾਰ ਨਾਲ ਭੇਦਭਾਵ ਕਰ ਰਹੀ ਹੈ। ਮੋਦੀ ਚੰਗੇ ਨੇਤਾ ਹਨ ਅਤੇ ਅਭਿਨੇਤਾ ਵਾਂਗ ਬੋਲਦੇ ਹਨ ਪਰ ਇਸ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ। ਜ਼ਿਕਰਯੋਗ ਹੈ ਕਿ ਲੋਕਪਾਲ ਬਿਲ ਨੂੰ ਜਨਵਰੀ 2014 ਵਿਚ ਰਾਸ਼ਟਰਪਤੀ ਤੋਂ ਪ੍ਰਵਾਨਗੀ ਮਿਲ ਗਈ ਸੀ ਜਿਸ ਨਾਲ ਇਸ ਦੀ ਕਾਇਮੀ ਦਾ ਰਾਹ ਸਾਫ਼ ਹੋ ਗਿਆ ਸੀ। ਲੋਕਪਾਲ ਦੇ ਦਾਇਰੇ ਵਿਚ ਪ੍ਰਧਾਨ ਮੰਤਰੀ ਵੀ ਆਉਣਗੇ ਹਾਲਾਂਕਿ ਹੁਣ ਤਕ ਲੋਕਪਾਲ ਦਾ ਗਠਨ ਨਹੀਂ ਹੋਇਆ। (ਏਜੰਸੀ)