ਵਿੱਤੀ ਸਾਲ 2020-21 ’ਚ ਸਿਫ਼ਰ ਰਹਿ ਸਕਦੀ ਹੈ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ : ਮੂਡੀਜ਼
ਕ੍ਰੇਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿੱਤੀ ਸਾਲ 2020-21 ’ਚ ਭਾਰਤ ਦੀ ਆਰਥਕ ਵਿਕਾਸ ਦਰ ਸਿਫ਼ਰ ਰਹਿ ਸਕਦੀ ਹੈ
ਮੁੰਬਈ, 8 ਮਈ : ¬ਕ੍ਰੇਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿੱਤੀ ਸਾਲ 2020-21 ’ਚ ਭਾਰਤ ਦੀ ਆਰਥਕ ਵਿਕਾਸ ਦਰ ਸਿਫ਼ਰ ਰਹਿ ਸਕਦੀ ਹੈ। ਏਜੰਸੀ ਨੇ ਇਸ ਦੌਰਾਨ ਦੇਸ਼ ’ਚ ਵਪਾਰਕ ਫਿਸਕਲ ਘਾਟਾ, ਉਚੇ ਸਰਕਾਰੀ ਕਰਜ਼ੇ, ਕਮਜ਼ੋਰ ਸਮਾਜਕ ਅਤੇ ਭੌਤਿਕ ਬੁਨਿਆਦੀ ਢਾਂਚੇ ਅਤੇ ਨਾਜੁਕ ਵਿੱਤੀ ਖੇਤਰ ਦਾ ਖਦਸਾ ਜ਼ਾਹਿਰ ਕੀਤਾ ਹੈ। ਮੂਡੀਜ਼ ਨੇ ਕਿਹਾ ਕਿ ਹਾਲ ਦੇ ਵਿੱਤੀ ਸਾਲਾਂ ’ਚ ਭਾਰਤ ਦੀ ਆਰਥਕ ਵਿਕਾਸ ਦੀ ਗੁਣਵੱਤਾ ’ਚ ਗਿਰਾਵਟ ਆਈ ਹੈ।
ਇਸ ਦਾ ਪਤਾ ਪੇਂਡੂ ਪ੍ਰਵਾਰਾਂ ’ਚ ਖ਼ਰਾਬ ਵਿੱਤੀ ਹਾਲਾਤ, ਉਮੀਦ ਤੋਂ ਘੱਟ ਉਤਪਾਦਨ ਅਤੇ ਕਮਜ਼ੋਰ ਰੁਜ਼ਗਾਰ ਰਚਨਾ ਤੋਂ ਚੱਲਦਾ ਹੈ। ਮੂਡੀਜ਼ ਨੇ ਚਿਤਾਵਨੀ ਦਿਤੀ ਕਿ ਕੋਰੋਨਾ ਵਾਇਰਸ ਮਹਮਾਰੀ ਤੋਂ ਲਗਿਆ ਝੱਟਕਾ ਆਰਥਕ ਵਿਕਾਸ ’ਚ ਪਹਿਲਾਂ ਤੋਂ ਹੀ ਕਾਇਮ ਨਰਮੀ ਨੂੰ ਹੋਰ ਵਧਾ ਦਵੇਗਾ। ਇਸ ਨੇ ਫਿਸਕਲ ਘਾਟੇ ਨੂੰ ਘੱਟ ਕਰਨ ਦੀ ਸੰਭਾਵਨਾਵਾਂ ਨੂੰ ਪਹਿਲਾਂ ਹੀ ਕਮਜ਼ੋਰ ਕਰ ਦਿਤਾ ਹੈ।
ਵਿਸ਼ਲੇਸ਼ਕ ਇਸ ਗੱਲ ਨੂੰ ਲੈ ਕੇ ਯਕੀਨੀ ਹਨ ਕਿ ਇਸ ਮਹਾਮਾਰੀ ਦਾ ਦੇਸ਼ ਦੀ ਆਰਥਕ ਸਥਿਤੀ ’ਤੇ ਵੱਡਾ ਅਸਰ ਪੈਣਾ ਤੈਅ ਹੈ। ਮੂਡੀਜ਼ ਦੀ ਸਥਾਨਕ ਇਕਾਈ ਇ¬ਕ੍ਰਾ ਨੇ ਇਸ ਮਹਾਮਾਰੀ ਕਾਰਨ ਵਿਕਾਸ ਦਰ ’ਚ ਦੋ ਫ਼ੀ ਸਦੀ ਦੀ ਗਿਰਾਵਟ ਦਾ ਖਦਸਾ ਜਾਹਿਰ ਕੀਤਾ ਹੈ। ਇਸ ਮਹਾਮਾਰੀ ਕਾਰਨ ਪੂਰਾ ਦੇਸ਼ ਕਰੀਬ ਦੋ ਮਹੀਨੇ ਤੋਂ ਲਾਕਡਾਊਨ ਦੀ ਸਥਿਤੀ ਵਿਚ ਹੈ। ਮੂਡੀਜ਼ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਆਖਿਰ ਵਿਚ 2020 ’ਚ ਜੀਡੀਪੀ ਵਿਕਾਸ ਦਰ ਦਾ ਅਨੁਮਾਨ ਘਟਾ ਕੇ 0.2 ਫ਼ੀ ਸਦੀ ਕੀਤਾ ਸੀ। ਸਰਕਾਰ ਨੇ ਮਾਰਚ ’ਚ 7.1 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।
ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਇਕ ਹੋਰ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਏਜੰਸੀ ਨੇ ਇਸ ਬਾਰੇ ਕਿਹਾ ਕਿ ਇਨ੍ਹਾਂ ਉਪਾਆਂ ਨਾਲ ਭਾਰਤ ਦੀ ਆਰਥਕ ਨਰਮੀ ਦੇ ਅਸਰ ਅਤੇ ਮਿਆਦ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ। ਹਾਲਾਂਕਿ ਪੇਂਡੂ ਪ੍ਰਵਾਰਾਂ ’ਚ ਲੰਮੇ ਸਮੇਂ ਤਕ ਵਿੱਤੀ ਬਦਹਾਲੀ, ਰੁਜ਼ਗਾਰ ਰਚਨਾ ’ਚ ਨਰਮੀ ਅਤੇ ਵਿੱਤੀ ਸੰਸਥਾਨਾਂ ਤੇ ਗ਼ੈਰ ਬੈਂਕਿੰਗ ਵਿੱਤੀ ਸੰਸਥਾਨਾਂ ਦੇ ਸਾਹਮਣੇ ਕਰਜ ਸੰਕਟ ਦੇ ਹਾਲਾਤ ਪੈਦਾ ਹੋ ਸਕਦੇ ਹਨ।
(ਪੀਟੀਆਈ)
2021-22 ’ਚ 6.6 ਫ਼ੀ ਸਦੀ ਤਕ ਪਹੁੰਚ ਸਕਦੀ ਹੈ ਵਿਕਾਸ ਦਰ
ਏਜੰਸੀ ਨੇ ਅਪਣੇ ਨਵੇਂ ਅਨੁਮਾਨ ’ਚ ਕਿਹਾ ਕਿ ਵਿੱਤੀ ਸਾਲ 2020-21 ’ਚ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਸਿਫ਼ਰ ਰਹਿ ਸਕਦੀ ਹੈ। ਇਸਦਾ ਮਤਲਬ ਹੈ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਹਾਲਤ ਇਸ ਵਿੱਤੀ ਸਾਲ ’ਚ ਫਲੈਟ ਰਹੇਗੀ। ਏਜੰਸੀ ਨੇ ਹਾਲਾਂਕਿ, ਵਿੱਤੀ ਸਾਲ 2021-22 ’ਚ ਵਿਕਾਸ ਦਰ ਦੇ 6.6 ਫ਼ੀ ਸਦੀ ਤਕ ਪਹੁਚੰਣ ਦਾ ਅਨੁਮਾਨ ਪ੍ਰਗਟਾਇਆ ਹੈ।