ਜੰਮੂ : ਤਨਖ਼ਾਹ ਦੀ ਮੰਗ ਨੂੰ ਲੈ ਕੇ ਮਜ਼ਦੂਰ ਸੜਕਾਂ 'ਤੇ ਉਤਰੇ, ਕੀਤੀ ਪੱਥਰਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਦੀ ਕਪੜਾ ਮਿੱਲ ਦੇ ਸੈਂਕੜੇ ਕਾਮੇ ਅਪਣੀ 2 ਮਹੀਨੇ ਦੀ ਤਨਖ਼ਾਹ ਲਈ ਸ਼ੁਕਰਵਾਰ ਨੂੰ ਸੜਕਾਂ 'ਤੇ ਉਤਰ ਆਏ। ਨਾਰਾਜ਼ ਮਜ਼ਦੂਰਾਂ ਨੇ ਕਪੜਾ ਮਿਲ 'ਤੇ ਪੱਥਰਬਾਜ਼ੀ

File Photo

ਜੰਮੂ, 8 ਮਈ (ਸਰਬਜੀਤ ਸਿੰਘ): ਜੰਮੂ ਦੀ ਕਪੜਾ ਮਿੱਲ ਦੇ ਸੈਂਕੜੇ ਕਾਮੇ ਅਪਣੀ 2 ਮਹੀਨੇ ਦੀ ਤਨਖ਼ਾਹ ਲਈ ਸ਼ੁਕਰਵਾਰ ਨੂੰ ਸੜਕਾਂ 'ਤੇ ਉਤਰ ਆਏ। ਨਾਰਾਜ਼ ਮਜ਼ਦੂਰਾਂ ਨੇ ਕਪੜਾ ਮਿਲ 'ਤੇ ਪੱਥਰਬਾਜ਼ੀ ਅਤੇ ਜੰਮੂ-ਪਠਾਨਕੋਟ ਹਾਈਵੇ 'ਤੇ ਤੋੜਭੰਨ ਕੀਤੀ। ਮਾਮਲਾ ਅੱਜ ਸਵੇਰ ਦਾ ਹੈ ਜਦੋਂ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਕਠੂਆ ਨੇੜੇ ਚਨਾਬ ਟੈਕਸਟਾਈਲ ਮਿੱਲ ਦੇ ਸੈਂਕੜੇ ਮਜ਼ਦੂਰ ਇਕੱਠੇ ਹੋ ਕੇ ਸੜਕਾਂ 'ਤੇ ਉਤਰ ਆਏ।

ਇਨ੍ਹਾਂ ਮਜ਼ਦੂਰਾਂ ਨੇ ਦੋਸ਼ ਲਾਇਆ ਸੀ ਕਿ ਤਾਲਾਬੰਦੀ ਕਾਰਨ ਫ਼ੈਕਟਰੀ ਕੰਮ ਨਹੀਂ ਕਰ ਰਹੀ ਅਤੇ ਤਨਖਾਹ ਦੇ ਨਾਂ 'ਤੇ ਉਨ੍ਹਾਂ ਨੂੰ ਕੁੱਝ ਹਜ਼ਾਰ ਰੁਪਏ ਦਿਤੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਖ਼ਰਚੇ ਨਹੀਂ ਚਲ ਰਹੇ। ਉਨ੍ਹਾਂ ਤਨਖਾਹਾਂ  ਦੀ ਮੰਗ ਕਰਦੇ ਹੋਏ ਕਿਹਾ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਬਕਾਇਆ ਤਨਖਾਹਾਂ  ਦੀ ਜਲਦੀ ਅਦਾਇਗੀ ਕੀਤੀ ਜਾਵੇ।

ਮਜ਼ਦੂਰਾਂ ਨੇ ਅਪਣੀਆਂ  ਮੰਗਾਂ ਨੂੰ ਲੈ ਕੇ ਚਨਾਬ ਟੈਕਸਟਾਈਲ ਕੰਪਲੈਕਸ ਵਿਚ ਭਾਰੀ ਪੱਥਰਬਾਜ਼ੀ ਕੀਤੀ ਅਤੇ  ਸ਼ੀਸ਼ੇ ਤੋੜ ਦਿਤੇ। ਇਸ ਤੋਂ ਬਾਅਦ ਮਜ਼ਦੂਰਾਂ ਨੇ ਜੰਮੂ ਪਠਾਨਕੋਟ ਹਾਈਵੇ 'ਤੇ ਆ ਕੇ ਇਥੇ ਖੜੀਆਂ ਗੱਡੀਆਂ ਅਤੇ ਜਨਤਕ ਜਾਇਦਾਦ ਦੀ ਭੰਨਤੋੜ ਕੀਤੀ। ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੀ ਪੁਲਿਸ 'ਤੇ ਮਜ਼ਦੂਰਾਂ ਨੇ ਭਾਰੀ ਪੱਥਰਬਾਜ਼ੀ ਵੀ ਕੀਤੀ।

ਸਥਿਤੀ ਨੂੰ ਸੰਭਾਲਣ ਲਈ ਪੁਲਿਸ ਨੇ ਮਜ਼ਦੂਰਾਂ  ਨੂੰ ਹਾਈਵੇਅ ਤੋਂ ਦੂਰ ਹਟਾ ਦਿਤਾ। ਮੌਕੇ 'ਤੇ  ਪਹੁੰਚੇ ਐਸ.ਐਸ.ਪੀ. ਕਠੂਆ ਸ਼ੈਲੇਂਦਰ ਮਿਸ਼ਰਾ ਨੇ ਕਿਹਾ ਕਿ ਚਨਾਬ ਟੈਕਸਟਾਈਲ ਮਿੱਲ ਦੇ ਕਰਮਚਾਰੀ ਕਠੂਆ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਪਰ ਅਚਾਨਕ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ। ਉਨ੍ਹਾਂ ਕਿਹਾ ਕਿ ਮਜ਼ਦੂਰ ਤਨਖਾਹਾਂ  ਦੀ ਪੂਰੀ ਅਦਾਇਗੀ ਦੀ ਮੰਗ ਕਰ ਰਹੇ ਸਨ।

ਐਸ.ਐਸ.ਪੀ. ਸ਼ੈਲੇਂਦਰ ਮਿਸ਼ਰਾ ਨੇ ਕਿਹਾ “ਸੀ.ਟੀ.ਐਮ. ਵਲੋਂ ਕੀਤੀ ਗਈ ਅਦਾਇਗੀ ਤੋਂ ਬਾਅਦ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਅਦਾਇਗੀ ਨਾਕਾਫ਼ੀ ਹੈ। ਕਰਮਚਾਰੀਆਂ ਨੂੰ ਇਹ ਭੁਲੇਖਾ ਸੀ ਕਿ ਸਟਾਫ ਨੂੰ ਪੂਰੀ ਤਨਖਾਹ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਸੀ.ਟੀ.ਐਮ. ਪ੍ਰਬੰਧਕਾਂ  ਨਾਲ ਗੱਲ ਚਲ ਰਹੀ ਹੈ ਅਤੇ ਸਾਰੇ ਕਰਮੀਆਂ ਨੂੰ ਤਨਖ਼ਾਹ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਲੋਕਾਂ ਦਾ ਪ੍ਰਦਰਸ਼ਨ ਸ਼ਾਂਤ ਹੋਇਆ।