ਵੁਹਾਨ ਵਾਂਗ ਮੁੰਬਈ ’ਚ ਬਣ ਰਿਹੈ ਹਜ਼ਾਰ ਬਿਸਤਰਿਆਂ ਵਾਲਾ ਕੋਰੋਨਾ ਹਸਪਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

15 ਦਿਨ ’ਚ ਤਿਆਰ ਹੋਵੇਗਾ ਇਹ ਹਸਪਤਾਲ

File Photo

ਮੁੰਬਈ, 8 ਮਈ : ਦੇਸ਼ ਵਿੱਚ ਕੋਰੋਨਾ ਤੇਜ਼ੀ ਨਾਲ ਮਹਾਰਾਸ਼ਟਰ ਵਿਚ ਪੈਰ ਪਸਾਰ ਰਿਹਾ ਹੈ। ਖ਼ਾਸ ਕਰ ਕੇ ਦੇਸ਼ ਦੀ ਵਿੱਤੀ ਰਾਜਧਾਨੀ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੰਨੀ ਹੋ ਗਈ ਹੈ ਕਿ ਹੁਣ ਇਥੋਂ ਦੇ ਹਸਪਤਾਲ ਘੱਟ ਪੈਣ ਲੱਗੇ ਹਨ। ਅਜਿਹੀ ਸਥਿਤੀ ਵਿਚ ਵੁਹਾਨ ਦੀ ਤਰਜ਼ ਉਤੇ 1000 ਬਿਸਤਰਿਆਂ ਦਾ ਅਸਥਾਈ ਹਸਪਤਾਲ ਬਣਾਇਆ ਜਾ ਰਿਹਾ ਹੈ। ਬਾਂਦਰਾ ਕੁਰਲਾ ਕੰਪਲੈਕਸ ਪ੍ਰਦਰਸ਼ਨੀ ਗਰਾਊਂਡ ਨੂੰ ਸਿਰਫ਼ 15 ਦਿਨਾਂ ਵਿਚ ਇਸ ਹਸਪਤਾਲ ਨੂੰ ਤਿਆਰ ਕਰਨ ਦਾ ਟੀਚਾ ਰਖਿਆ ਹੈ।

ਹਸਪਤਾਲ ਬਣਾਉਣ ਦੀ ਜ਼ਿੰਮੇਵਾਰੀ ਮੁੰਬਈ ਮੈਟਰੋਪੋਲੀਟਨ ਰੀਜ਼ਨ ਡਿਵੈਲਪਮੈਂਟ ਅਥਾਰਟੀ (ਐਮਐਮਆਰਡੀਏ) ਨੂੰ ਦਿਤੀ ਗਈ ਹੈ। ਹਸਪਤਾਲ ਦੀ ਉਸਾਰੀ 28 ਅਪ੍ਰੈਲ ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਕੱੁਝ ਦਿਨਾਂ ਵਿਚ ਇਹ ਤਿਆਰ ਹੋ ਜਾਵੇਗੀ। ਇਹ ਹਸਪਤਾਲ ਅਜਿਹੇ ਕੋਰੋਨਾ ਮਰੀਜ਼ਾਂ ਲਈ ਤਿਆਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਸਥਿਤੀ ਨਾਜ਼ੁਕ ਨਹੀਂ ਹੋਵੇਗੀ।

ਇਸ ਸਥਾਨ ’ਤੇ ਅਕਸਰ ਸਿਆਸੀ ਰੈਲੀਆਂ, ਸਭਿਆਚਾਰਕ-ਸਮਾਜਕ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਹੁੰਦੀਆਂ ਸਨ। ਜਿਉਂ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਗਿਣਤੀ ਵਧਦੀ ਗਈ, ਸਰਕਾਰ ਨੇ ਇਥੇ ਇਕ ਅਸਥਾਈ ਹਸਪਤਾਲ ਬਣਾਉਣ ਦਾ ਫ਼ੈਸਲਾ ਕੀਤਾ। ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਖ਼ੁਦ ਇਸ ਦਾ ਜਾਇਜ਼ਾ ਵੀ ਲਿਆ।     (ਏਜੰਸੀ)