ਮਹਾਰਾਸ਼ਟਰ : ਪਟੜੀਆਂ 'ਤੇ ਸੌਂ ਰਹੇ ਪ੍ਰਵਾਸੀ ਮਜ਼ਦੂਰਾਂ 'ਤੇ ਚੜ੍ਹੀ ਮਾਲ ਗੱਡੀ, 16 ਦੀ ਮੌਤ
ਰੇਲਵੇ ਨੇ ਦਿਤੇ ਜਾਂਚ ਦੇ ਹੁਕਮ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਭੇਜਿਆ
ਔਰੰਗਾਬਾਦ, 8 ਮਈ: ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਰੇਲ ਦੀਆਂ ਪਟੜੀਆਂ 'ਤੇ ਸੌਂ ਰਹੇ ਘੱਟ ਤੋਂ ਘੱਟ 16 ਪ੍ਰਵਾਸੀ ਮਜ਼ਦੂਰਾਂ ਦੀ ਸ਼ੁਕਰਵਾਰ ਸਵੇਰੇ ਇਕ ਮਾਲਗੱਡੀ ਹੇਠ ਆਉਣ ਕਰ ਕੇ ਮੌਤ ਹੋ ਗਈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਰਮਾਡ ਪੁਲਿਸ ਥਾਣੇ ਤਹਿਤ ਆਉਣ ਵਾਲੇ ਖੇਤਰ 'ਚ ਸਵੇਰੇ ਸਵਾ ਪੰਜ ਵਜੇ ਹੋਏ ਇਸ ਹਾਦਸੇ 'ਚ ਚਾਰ ਹੋਰ ਮਜ਼ਦੂਰ ਬਚ ਗਏ। ਹਾਦਸੇ ਦੀ ਇਕ ਵੀਡੀਉ ਕਲਿਪ 'ਚ ਪਟੜੀਆਂ 'ਤੇ ਮਜ਼ਦੂਰਾਂ ਦੀਆਂ ਲਾਸ਼ਾਂ ਖਿੱਲਰੀਆਂ ਪਈਆਂ ਦਿਸ ਰਹੀਆਂ ਹਨ।
ਜ਼ਿਲ੍ਹਾ ਪੁਲਿਸ ਮੁਖੀ ਮੋਕਸ਼ਦਾ ਪਾਟਿਲ ਨੇ ਕਿਹਾ ਕਿ ਜਿਊਂਦੇ ਬਚੇ ਲੋਕਾਂ ਨੇ ਅਪਣੇ ਸਾਥੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਘਟਨਾ ਵਾਲੀ ਥਾਂ ਤੋਂ ਲਗਭਗ 40 ਕਿਲੋਮੀਟਰ ਦੂਰ ਜਾਲਨਾ ਤੋਂ ਰਾਤ ਭਰ ਪੈਦਲ ਚੱਲਣ ਮਗਰੋਂ ਪਟੜੀਆਂ 'ਤੇ ਸੌਂ ਗਏ ਸਨ। ਕਰਮਾਡ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਮੱਧ ਮਹਾਰਾਸ਼ਟਰ ਦੇ ਜਾਲਨਾ ਤੋਂ ਭੁਸਾਵਲ ਵਲ ਪੈਦਲ ਜਾ ਰਹੇ ਮਜ਼ਦੂਰ ਮੱਧ ਪ੍ਰਦੇਸ਼ 'ਚ ਸਥਿਤ ਅਪਣੇ ਘਰ ਪਰਤ ਰਹੇ ਸਨ।
ਉਨ੍ਹਾਂ ਕਿਹਾ ਕਿ ਉਹ ਰੇਲਗੱਡੀ ਦੀਆਂ ਪਟੜੀਆਂ ਕਿਨਾਰੇ ਚਲ ਰਹੇ ਸਨ ਅਤੇ ਥੱਕਣ ਕਰ ਕੇ ਪਟੜੀਆਂ 'ਤੇ ਹੀ ਸੌਂ ਗਏ। ਜਾਲਨਾ ਤੋਂ ਆ ਰਹੀ ਮਾਲਗੱਡੀ ਪਟੜੀਆਂ 'ਤੇ ਸੌਂ ਰਹੇ ਇਨ੍ਹਾਂ ਮਜ਼ਦੂਰਾਂ 'ਤੇ ਚੜ੍ਹ ਗਈ। ਪੁਲਿਸ ਨੇ ਦਸਿਆ ਕਿ ਤਿੰਨ ਮਜ਼ਦੂਰ ਰੇਲਗੱਡੀ ਦੀਆਂ ਪਟੜੀਆਂ ਤੋਂ ਕੁੱਝ ਦੂਰ ਸੁੱਤੇ ਪਏ ਸਨ ਜਿਸ ਕਰ ਕੇ ਉਹ ਬਚ ਗਏ।
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਈ ਤਾਲਾਬੰਦੀ ਕਰ ਕੇ ਇਹ ਪ੍ਰਵਾਸੀ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ ਅਤੇ ਅਪਣੇ ਘਰ ਜਾਣਾ ਚਾਹੁੰਦੇ ਸਨ। ਉਹ ਪੁਲਿਸ ਤੋਂ ਬਚਣ ਲਈ ਰੇਲ ਦੀਆਂ ਪਟੜੀਆਂ ਕੰਢੇ ਪੈਦਲ ਚਲ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਹਰ ਸੰਭਵ ਮਦਦ ਮੁਹਈਆ ਕਰਵਾਈ ਜਾ ਰਹੀ ਹੈ।
ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 10-10 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿਤੇ ਹਨ। ਘਟਨਾ 'ਚ ਪਟੜੀਆਂ 'ਤੇ ਗਸ਼ਤ ਕਰਨ ਵਾਲਿਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ, ਕਿਉਂਕਿ ਤਾਲਾਬੰਦੀ ਦੌਰਾਨ ਲੋਕਾਂ ਨੂੰ ਪਟੜੀਆਂ ਤੋਂ ਦੂਰ ਰੱਖਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ। ਉਧਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਘਟਨਾ ਬਾਰੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਭੇਜਿਆ ਹੈ।
ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਨੂੰ ਦਿਲ ਹਿਲਾਉਣ ਵਾਲਾ ਦਸਿਆ ਅਤੇ ਕਿਹਾ ਕਿ ਕੇਂਦਰ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਕਿ ਇਹ ਯਕੀਨੀ ਹੋ ਸਕੇ ਕਿ ਮਜ਼ਦੂਰ ਅਪਣੇ ਘਰ ਸੁਰੱਖਿਅਤ ਪੁੱਜ ਸਕਣ। (ਪੀਟੀਆਈ)
'ਅਸੀਂ ਆਵਾਜ਼ਾਂ ਵੀ ਮਾਰੀਆਂ, ਪਰ ਬਹੁਤ ਦੇਰ ਹੋ ਚੁੱਕੀ ਸੀ'
ਔਰੰਗਾਬਾਦ: ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ 'ਚ ਹੋਏ ਰੇਲ ਹਾਦਸੇ 'ਚ ਜਿਊਂਦਾ ਬਚੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਟੜੀਆਂ 'ਤੇ ਸੌਂ ਰਹੇ ਅਪਣੇ ਸਾਥੀਆਂ ਨੂੰ ਤੇਜ਼ੀ ਨਾਲ ਆਉਂਦੀ ਰੇਲ ਗੱਡੀ ਤੋਂ ਬਚਣ ਲਈ ਆਵਾਜ਼ ਮਾਰੀ ਸੀ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। 20 ਮਜ਼ਦੂਰਾਂ ਦਾ ਸਮੂਹ ਮਹਾਰਾਸ਼ਟਰ ਦੇ ਜਾਲਨਾ ਤੋਂ ਪੈਦਲ ਹੀ ਮੱਧ ਪ੍ਰਦੇਸ਼ 'ਚ ਅਪਣੇ ਪਿੰਡ ਜਾ ਰਿਹਾ ਸੀ।
ਇਹ ਸਾਰੇ ਜਾਲਨਾ ਦੀ ਇਕ ਸਟੀਲ ਫ਼ੈਕਟਰੀ 'ਚ ਕੰਮ ਕਰਦੇ ਸਨ ਅਤੇ ਕੋਰੋਨਾ ਵਾਇਰਸ ਤਾਲਾਬੰਦੀ ਕਰ ਕੇ ਬੇਰੁਜ਼ਗਾਰ ਹੋ ਕੇ ਪਰਤ ਰਹੇ ਸਨ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਿਊਂਦਾ ਬਚੇ ਲੋਕਾਂ 'ਚੋਂ ਤਿੰਨ ਜਣੇ ਪਟੜੀ ਤੋਂ ਕੱਝ ਦੂਰ ਆਰਾਮ ਕਰ ਰਹੇ ਸਨ। ਉਨ੍ਹਾਂ ਨੇ ਰੌਲਾ ਪਾ ਕੇ ਤੇਜ਼ ਆ ਰਹੀ ਮਾਲਗੱਡੀ ਤੋਂ ਅਪਣੇ ਸਾਥੀਆਂ ਨੂੰ ਚੌਕਸ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਹੀਂ ਹੋਇਆ ਕਿਉਂਕਿ ਉਦੋਂ ਤਕ ਮਾਲਗੱਡੀ ਉਨ੍ਹਾਂ ਉਪਰੋਂ ਲੰਘ ਚੁੱਕੀ ਸੀ। (ਪੀਟੀਆਈ)