ਕੇਜਰੀਵਾਲ ਸਰਕਾਰ ਨੇ ਅਪਣੇ ਖ਼ਰਚੇ ’ਤੇ 1200 ਮਜ਼ਦੂਰਾਂ ਨੂੰ ਬਿਹਾਰ ਰਵਾਨਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਜਰੀਵਾਲ ਸਰਕਾਰ ਨੇ ਤਾਲਾਬੰਦੀ ਕਰ ਕੇ, ਦਿੱਲੀ ਵਿਖੇ ਫੱਸੇ ਹੋਏ ਵੱਖੋ ਵੱਖਰੇ ਸੂਬਿਆਂ ਦੇ

File Photo

ਨਵੀਂ ਦਿੱਲੀ, 8 ਮਈ (ਅਮਨਦੀਪ ਸਿੰਘ) : ਕੇਜਰੀਵਾਲ ਸਰਕਾਰ ਨੇ ਤਾਲਾਬੰਦੀ ਕਰ ਕੇ, ਦਿੱਲੀ ਵਿਖੇ ਫੱਸੇ ਹੋਏ ਵੱਖੋ ਵੱਖਰੇ ਸੂਬਿਆਂ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਜੱਦੀ ਸੂਬਿਆਂ ਵਿਚ ਭੇਜਣ ਲਈ ਸਬੰਧਤ ਸਰਕਾਰਾਂ ਨੂੰ ਇਤਲਾਹ ਕਰ ਦਿਤੀ ਸੀ ਪਰ ਉਥੋਂ ਕੋਈ ਹੁੰਗਾਰਾ ਨਾ ਮਿਲਣ ਕਰ ਕੇ, ਹੁਣ ਸਰਕਾਰ ਨੇ ਆਪਣੇ ਖਰਚੇ ‘ਤੇ ਪ੍ਰਵਾਸੀ ਮਜ਼ਦੂਰਾਂ ਨੂੰੰ ਵਾਪਸ ਭੇਜਣ ਦਾ ਫ਼ੈਸਲਾ ਲਿਆ ਹੈ। 

ਇਸ ਅਧੀਨ ਅੱਜ ਦਿੱਲੀ ਦੇ ਵੱਖ-ਵੱਖ ਰੈਣ ਬਸੇਰਿਆਂ ਵਿਚ ਰਹਿ ਰਹੇ 1200  ਪ੍ਰਵਾਸੀ ਮਜ਼ਦੂਰਾਂ ਦਾ ਮੈਡੀਕਲ ਤੇ ਹੋਰ ਪੜਤਾਲ ਕਰਨ ਪਿਛੋਂ ਦੁਪਹਿਰ 3 ਵੱਜੇ  ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ  ਰੇਲ ਗੱਡੀ ਰਾਹੀਂ  ਮੁਜ਼ਫ਼ਰਪੁਰ, ਬਿਹਾਰ ਲਈ ਰਵਾਨਾ ਕੀਤਾ ਗਿਆ। ਸਰਕਾਰੀ ਦਾਅਵੇ ਮੁਤਾਬਕ ਸ਼ਰੀਰਕ ਦੂਰੀ ਦਾ ਵੀ ਖ਼ਾਸ ਖ਼ਿਆਲ ਰੱਖਿਆ ਗਿਆ। ਸਰਕਾਰ ਨੇ ਮਜ਼ਦੂਰਾਂ ਲਈ ਰੋਟੀ ਤੇ ਪਾਣੀ ਦਾ ਵੀ ਬੰਦੋਬਸਤ ਕੀਤਾ ਸੀ। ਡੀਟੀਸੀ ਦੀਆਂ ਬੱਸਾਂ ਰਾਹੀਂ ਮਜ਼ਦੂਰਾਂ ਨੂੰ ਨਵੀਂ ਦਿੱਲੀ ਰੇਵਲੇ ਸਟੇਸ਼ਨ ਪਹੁੰਚਾਇਆ ਗਿਆ।

7 ਮਈ ਨੂੰ ਡਾਕਟਰਾਂ ਦੀਆਂ ਟੀਮਾਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਮੈਡੀਕਲ ਤੇ ਹੋਰ ਸਿਹਤ ਪੜਤਾਲ ਕੀਤੀ ਗਈ ਤੇ ਫਿਟਨੈੱਸ ਸਰਟੀਫਿਕੇਟ ਵੀ ਦਿਤੇ ਗਏ। ਦੁਪਹਿਰ ਦੀ ਰੋਟੀ ਵੀ ਖੁਆਈ ਗਈ ਤੇ ਸਫ਼ਰ ਵਿਚ ਦੋ ਵਾਰ ਖਾਣ ਲਈ ਸਭ ਨੂੰ ਰੋਟੀ ਦੇ ਪੈਕਟ, ਬਿਸਕੁਟ ਤੇ ਪਾਣੀ ਦੀ ਬੋਤਲ ਆਦਿ ਦਿਤੇ ਗਏ ਹਨ।
ਦਿੱਲੀ ਦੇ ਕਿਰਤ ਮੰਤਰੀ ਗੋਪਾਲ ਰਾਏ ਨੇ ਅੱਜ ਟਵੀਟ ਰਾਹੀਂ ਦਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਬਿਹਾਰ ਲਈ ਰਵਾਨਾ ਕੀਤਾ ਜਾ ਚੁਕਾ ਹੈ, ਜਿਨ੍ਹਾਂ ਦਾ ਸਾਰਾ ਕਿਰਾਇਆ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿਤਾ ਗਿਆ ਹੈ।

ਸਰਕਾਰੀ ਬੁਲਾਰੇ ਨੇ ਦਸਿਆ ਕਿ ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਜਾਉਣ ਦਾ ਸਾਰਾ ਖ਼ਰਚਾ ਜੱਦੀ ਸੂਬਾ ਸਰਕਾਰਾਂ ਨੇ ਚੁੱਕਣਾ ਹੈ।  ਤੇ ਦਿੱਲੀ ਸਰਕਾਰ ਨੇ ਵਾਪਸ ਪਰਤਣ ਦੇ ਇਛਕ ਪ੍ਰਵਾਸੀ  ਮਜ਼ਦੂਰਾਂ ਦੇ ਨਾਂਅ ਉਨ੍ਹਾਂ ਦੇ ਸੂਬਿਆਂ ਨੂੰ ਭੇਜ ਦਿਤੇ ਸਨ, ਪਰ ਕਈ ਸੂਬਿਆਂ ਤੋਂ  ਹੁਣ ਤੱਕ ਕੋਈ ਹੁੰਗਾਰਾ ਨਾ ਮਿਲਣ ਕਰ ਕੇ, ਮਜ਼ਦੂਰਾਂ ਦੇ ਕਿਰਾਏ ਦਾ ਖ਼ਰਚਾ ਦਿੱਲੀ ਸਰਕਾਰ ਨੇ ਚੁੱਕਣ ਦਾ ਫ਼ੈਸਲਾ ਲਿਆ ਹੈ ਤਾਕਿ ਮਜ਼ਦੂਰਾਂ ਨੂੰ ਘਰਾਂ ਵਿਚ ਪਹੁੰਚ ਕੇ, ਰਾਹਤ ਦਿਤੀ ਜਾ ਸਕੇ।