ਅਮਿਤ ਸ਼ਾਹ ਦੇ ਨਾਂਅ 'ਤੇ ਫਰਜ਼ੀ ਟਵੀਟ ਫੈਲਾਉਣ ਦੇ ਇਲਜ਼ਮ ਵਿਚ ਹਿਰਾਸਤ `ਚ ਲਏ 4 ਲੋਕ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ 'ਤੇ ਇਕ ਫਰਜ਼ੀ ਟਵੀਟ ਫੈਲਾਉਣ ਦੇ ਸਿਲਸਿਲੇ ਵਿਚ ਪੁਲਿਸ ਨੇ 4 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।
ਅਹਿਮਦਾਬਾਦ: ਗੁਜਰਾਤ ਦੇ ਅਹਿਮਦਾਬਾਦ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ 'ਤੇ ਇਕ ਫਰਜ਼ੀ ਟਵੀਟ ਫੈਲਾਉਣ ਦੇ ਸਿਲਸਿਲੇ ਵਿਚ ਪੁਲਿਸ ਨੇ 4 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਲੋਕ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ 'ਤੇ ਫਰਜ਼ੀ ਟਵੀਟ ਫੈਲਾਅ ਰਹੇ ਸੀ।
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਅਪਣੀ ਸਿਹਤ ਨਾਲ ਸਬੰਧਤ ਅਫਵਾਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ, 'ਪੂਰੀ ਤਰ੍ਹਾਂ ਤੰਦਰੁਸਤ ਹਨ' ਅਤੇ ਕਿਸੇ ਵੀ ਬਿਮਾਰੀ ਨਾਲ ਪੀੜਤ ਨਹੀਂ ਹਨ। ਅਮਿਤ ਸ਼ਾਹ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਹਨਾਂ ਦੀ ਸਿਹਤ ਦੀ ਸਥਿਤੀ ਸਬੰਧੀ ਸੋਸ਼ਲ ਮੀਡੀਆ ਜ਼ਰੀਏ ਅਫ਼ਵਾਹ ਫੈਲੀ ਹੈ।
ਉਹਨਾਂ ਨੇ ਟਵਿਟਰ 'ਤੇ ਕਿਹਾ ਕਿ ,'ਮੈਂ ਪੂਰੀ ਤਰ੍ਹਾਂ ਠੀਕ ਹਾਂ ਅਤੇ ਮੈਨੂੰ ਕੋਈ ਬਿਮਾਰੀ ਨਹੀਂ ਹੈ'। ਇਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਅਮਿਤ ਸ਼ਾਹ ਨੇ ਟਵੀਟ ਕਰ ਕੇ ਲਿਖਿਆ ਸੀ ਕਿ, ' ਪਿਛਲੇ ਕਈ ਦਿਨਾਂ ਤੋਂ ਕੁਝ ਦੋਸਤ ਸੋਸ਼ਲ ਮੀਡੀਆ ਦੇ ਜ਼ਰੀਏ ਮੇਰੀ ਸਿਹਤ ਬਾਰੇ ਕਈ ਅਫਵਾਹਾਂ ਫੈਲਾਅ ਰਹੇ ਹਨ।
ਇਥੋਂ ਤਕ ਕਿ ਬਹੁਤ ਸਾਰੇ ਲੋਕਾਂ ਨੇ ਟਵੀਟ ਕਰ ਕੇ ਮੇਰੀ ਮੌਤ ਲਈ ਪ੍ਰਾਰਥਨਾ ਕੀਤੀ ਹੈ। ਮੇਰੀ ਪਾਰਟੀ ਦੇ ਲੱਖਾਂ ਵਰਕਰਾਂ ਅਤੇ ਮੇਰੇ ਸ਼ੁਭਚਿੰਤਕਾਂ ਨੇ ਪਿਛਲੇ ਦੋ ਦਿਨਾਂ ਤੋਂ ਬਹੁਤ ਚਿੰਤਾ ਜ਼ਾਹਰ ਕੀਤੀ ਹੈ ਮੈਂ ਉਹਨਾਂ ਦੀ ਚਿੰਤਾ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ।
ਇਸ ਲਈ ਅੱਜ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ ਅਤੇ ਮੈਨੂੰ ਕੋਈ ਬਿਮਾਰੀ ਨਹੀਂ ਹੈ। ਹਿੰਦੂ ਮਾਨਤਾਵਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਅਜਿਹੀ ਅਫਵਾਹ ਸਿਹਤ ਨੂੰ ਮਜ਼ਬੂਤ ਕਰਦੀ ਹੈ। ਇਸ ਲਈ ਅਜਿਹੇ ਲੋਕਾਂ ਤੋਂ ਉਮੀਦ ਕਰਦਾ ਹਾਂ ਕਿ ਉਹ ਫਾਲਤੂ ਗੱਲਾਂ ਛੱਕ ਕੇ ਮੈਨੂੰ ਮੇਰਾ ਕੰਮ ਕਰਨ ਦੇਣਗੇ ਅਤੇ ਅਪਣਾ ਵੀ ਕੰਮ ਕਰਨਗੇ'।