Dietary guidelines: ਭਾਰਤ ਵਿਚ 56.4 ਫ਼ੀ ਸਦੀ ਬਿਮਾਰੀਆਂ ਦਾ ਕਾਰਨ ਹੈ ਗ਼ੈਰ-ਸਿਹਤਮੰਦ ਭੋਜਨ : ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਈਸੀਐਮਆਰ ਨੇ ਮੋਟਾਪੇ ਤੇ ਸੂਗਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਖ਼ੁਰਾਕ ਸਬੰਧੀ ਦਿਸ਼ਾ-ਨਿਰਦੇਸ਼ ਕੀਤੇ ਜਾਰੀ

56 Percent of Total Disease Burden in India Is Due to Unhealthy Diets

Dietary guidelines:  ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਬੁਧਵਾਰ ਨੂੰ ਦਸਿਆ ਕਿ ਭਾਰਤ ਵਿਚ 56.4 ਫ਼ੀ ਸਦੀ ਬੀਮਾਰੀਆਂ ਦਾ ਕਾਰਨ ਗ਼ੈਰ-ਸਿਹਤਮੰਦ ਭੋਜਨ ਹੈ। ਆਈਸੀਐਮਆਰ ਨੇ ਜ਼ਰੂਰੀ ਪੌਸਟਿਕ ਤੱਤਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਮੋਟਾਪੇ ਤੇ ਸੂਗਰ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ 17 ਕਿਸਮਾਂ ਦੀਆਂ ਖ਼ੁਰਾਕ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਆਈਸੀਐਮਆਰ ਦੇ ਅਧੀਨ ਕੰਮ ਕਰ ਰਹੇ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ (ਐਨਆਈਐਨ) ਨੇ ਕਿਹਾ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਖ਼ੁਰਾਕ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ ਅਤੇ ਸ਼ੂਗਰ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਸਮੇਂ ਤੋਂ ਪਹਿਲਾਂ ਮੌਤ ਨੂੰ ਰੋਕਿਆ ਜਾ ਸਕਦਾ ਹੈ।

 ਐਨਆਈਐਨ ਨੇ ਘੱਟ ਨਮਕ ਖਾਣ, ਤੇਲ ਅਤੇ ਵਸਾ ਨੂੰ ਘੱਟ ਮਾਤਰਾ ਵਿਚ ਵਰਤਣ, ਸਹੀ ਕਸਰਤ ਕਰਨ ਅਤੇ ਘੱਟ ਖੰਡ ਅਤੇ ਜੰਕ ਫ਼ੂਡ ਖਾਣ ਦੀ ਅਪੀਲ ਕੀਤੀ ਹੈ। ਉਸ ਨੇ ਮੋਟਾਪੇ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣ ਦੀ ਸਲਾਹ ਦਿਤੀ।

ਆਈਸੀਐਮਆਰ-ਐਨਆਈਐਨ ਦੀ ਡਾਇਰੈਕਟਰ ਡਾ. ਹੇਮਲਤਾ ਆਰ ਦੀ ਅਗਵਾਈ ਵਿਚ ਮਾਹਿਰਾਂ ਦੀ ਇਕ ਬਹੁ-ਅਨੁਸਾਸਨੀ ਕਮੇਟੀ ਨੇ ‘ਭਾਰਤੀਆਂ ਲਈ ਖ਼ੁਰਾਕ ਦਿਸ਼ਾ-ਨਿਰਦੇਸ਼ਾਂ’ (ਡੀਜੀਆਈ) ਦਾ ਖਰੜਾ ਤਿਆਰ ਕੀਤਾ ਹੈ ਅਤੇ ਵੱਖ-ਵੱਖ ਵਿਗਿਆਨਕ ਸਮੀਖਿਆਵਾਂ ਵੀ ਕੀਤੀਆਂ ਹਨ। ਇਸ ਵਿਚ 17 ਕਿਸਮਾਂ ਦੀ ਖ਼ੁਰਾਕ ਸ਼ਾਮਲ ਹੈ।

ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਇਕ ਸੰਤੁਲਿਤ ਖ਼ੁਰਾਕ ਵਿਚ ਅਨਾਜ ਅਤੇ ਬਾਜਰੇ ਤੋਂ 45 ਪ੍ਰਤੀਸ਼ਤ ਤੋਂ ਵੱਧ ਕੈਲੋਰੀ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਇਸ ਵਿਚ ਦਾਲਾਂ, ਬੀਨਜ਼ ਅਤੇ ਮੀਟ ਤੋਂ 15 ਫ਼ੀ ਸਦੀ ਤਕ ਕੈਲੋਰੀ ਹੋਣੀ ਚਾਹੀਦੀ ਹੈ। ਉਨ੍ਹਾਂ ਬਾਕੀ ਬਚੀ ਕੈਲੋਰੀ ਪ੍ਰਾਪਤ ਕਰਨ ਲਈ ਸੁੱਕੇ ਮੇਵੇ, ਸਬਜ਼ੀਆਂ, ਫਲ ਅਤੇ ਦੁੱਧ ਦਾ ਸੇਵਨ ਕਰਨ ਦੀ ਸਲਾਹ ਦਿਤੀ।

 (For more Punjabi news apart from 56 Percent of Total Disease Burden in India Is Due to Unhealthy Diets, stay tuned to Rozana Spokesman)