Pak-India News: ਸ੍ਰੀਨਗਰ ਹਵਾਈ ਅੱਡੇ ਅਤੇ ਅਵੰਤੀਪੋਰਾ ਹਵਾਈ ਫ਼ੌਜ ਦੇ ਅੱਡੇ ’ਤੇ ਡਰੋਨ ਹਮਲੇ ਨਾਕਾਮ
ਪਾਕਿਸਤਾਨੀ ਫੌਜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ
ਸ੍ਰੀਨਗਰ : ਸ੍ਰੀਨਗਰ ਹਵਾਈ ਅੱਡੇ ਅਤੇ ਦਖਣੀ ਕਸ਼ਮੀਰ ਦੇ ਅਵੰਤੀਪੋਰਾ ਹਵਾਈ ਅੱਡੇ ’ਤੇ ਸ਼ੁਕਰਵਾਰ ਦੇਰ ਰਾਤ ਡਰੋਨ ਹਮਲੇ ਨਾਕਾਮ ਕਰ ਦਿਤੇ ਗਏ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਭਾਰਤ ਨੇ ਕਈ ਡਰੋਨ ਅਤੇ ਮਿਜ਼ਾਈਲਾਂ ਦੀ ਵਰਤੋਂ ਕਰ ਕੇ ਭਾਰਤੀ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀਆਂ ਪਾਕਿਸਤਾਨੀ ਫੌਜ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿਤਾ ਸੀ।
ਅਧਿਕਾਰੀਆਂ ਨੇ ਦਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਵੀ ਡਰੋਨ ਦੇਖੇ ਗਏ। ਬਾਰਾਮੂਲਾ ਜ਼ਿਲ੍ਹੇ ’ਚ ਭਾਰਤੀ ਫੌਜ ਵਲੋਂ ਪਾਕਿਸਤਾਨੀ ਡਰੋਨ ਨੂੰ ਮਾਰ ਸੁੱਟੇ ਜਾਣ ਸਮੇਂ ਅਸਮਾਨ ਚਮਕ ਉਠਿਆ।
ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਸ਼ਾਮ ਨੂੰ ਜੰਮੂ ਖੇਤਰ ਅਤੇ ਦਖਣੀ ਕਸ਼ਮੀਰ ’ਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਅਤੇ ਸਾਇਰਨ ਵੱਜਿਆ ਜਿਸ ਮਗਰੋਂ ਜੰਮੂ-ਕਸ਼ਮੀਰ ਦੇ ਕਈ ਹਿੱਸੇ ਹਨੇਰੇ ’ਚ ਡੁੱਬ ਗਏ। ਰੱਖਿਆ ਅਧਿਕਾਰੀਆਂ ਨੇ ਦਸਿਆ ਕਿ ਜੰਮੂ, ਸਾਂਬਾ ਅਤੇ ਪੰਜਾਬ ਦੇ ਗੁਆਂਢੀ ਪਠਾਨਕੋਟ ਜ਼ਿਲ੍ਹੇ ’ਚ ਵੀ ਡਰੋਨ ਦੇਖੇ ਗਏ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਸ੍ਰੀਨਗਰ ’ਚ ਮਸਜਿਦ ਦੇ ਲਾਊਡ ਸਪੀਕਰਾਂ ਰਾਹੀਂ ਸਥਾਨਕ ਲੋਕਾਂ ਨੂੰ ਸਾਵਧਾਨੀ ਦੇ ਤੌਰ ’ਤੇ ਅਪਣੇ ਘਰਾਂ ਦੀਆਂ ਬੱਤੀਆਂ ਬੰਦ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਅਤੇ ਨਗਰੋਟਾ ’ਚ ਵੀ ਡਰੋਨ ਹਮਲੇ ਨਾਕਾਮ ਕੀਤੇ ਗਏ।
ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ 22 ਅਪ੍ਰੈਲ ਨੂੰ ਅਤਿਵਾਦੀਆਂ ਵਲੋਂ ਕੀਤੇ ਗਏ ਹਮਲੇ ਦੇ ਜਵਾਬ ’ਚ ਭਾਰਤੀ ਹਥਿਆਰਬੰਦ ਬਲਾਂ ਨੇ ਬੁਧਵਾਰ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਅਤਿਵਾਦੀ ਲਾਂਚਪੈਡਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਤੋਂ ਬਾਅਦ ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ।