ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇਕ ਪਾਰਟੀ ਵਫ਼ਦ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ.....

Honoring Prime Minister Narendra Modi, Sukhbir Singh Badal, Harsimrat Kaur Badal, and others.

ਨਵੀਂ ਦਿੱਲੀ, 8 ਜੂਨ (ਸੁਖਰਾਜ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇਕ ਪਾਰਟੀ ਵਫ਼ਦ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਵੇਰੇ ਉਨ੍ਹਾਂ ਦੀ ਦਿੱਲੀ ਵਿਚਲੀ ਰਿਹਾਇਸ਼ 'ਤੇ ਮਿਲਿਆ। ਵਫ਼ਦ ਨੇ ਕੇਂਦਰ ਸਰਕਾਰ ਦਾ ਗੁਰੂ ਕੇ ਲੰਗਰ ਨੂੰ ਜੀਐਸਟੀ ਤੋਂ ਛੋਟ ਦੇਣ ਲਈ ਕੀਤੇ ਬੇਮਿਸਾਲ ਅਤੇ ਫ਼ੈਸਲਾਕੁਨ ਉਪਰਾਲੇ ਲਈ ਧਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਦਾ ਧਿਆਨ ਪੰਜਾਬ ਦੇ ਲੋਕਾਂ ਨਾਲ ਜੁੜੇ ਕੁੱਝ ਅਹਿਮ ਮੁੱਦਿਆਂ ਵਲ ਦਿਵਾਇਆ।

ਵਫ਼ਦ ਨੇ ਕੇਂਦਰ ਸਰਕਾਰ ਵਲੋਂ ਸਮੁੱਚੇ ਦੇਸ਼ ਦੇ ਗੰਨਾ ਉਤਪਾਦਕਾਂ ਲਈ ਰੱਖੇ 8 ਹਜ਼ਾਰ ਕਰੋੜ ਰੁਪਏ ਵਿਚੋਂ 800 ਕਰੋੜ ਰੁਪਏ ਪੰਜਾਬ ਦੇ ਗੰਨਾ ਉਤਪਾਦਕਾਂ ਲਈ ਜਾਰੀ ਕਰਨ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਦਾ ਧਨਵਾਦ ਕੀਤਾ। ਵਫ਼ਦ ਨੇ ਪ੍ਰਧਾਨ ਮੰਤਰੀ ਨੂੰ ਦਸਿਆ ਕਿ ਮੁਸ਼ਕਲਾਂ ਵਿਚੋਂ ਲੰਘ ਰਹੀ ਕਿਸਾਨੀ ਲਈ ਇਹ ਇਕ ਬਹੁਤ ਵੱਡੀ ਰਾਹਤ ਹੈ।

ਅਕਾਲੀ ਵਫ਼ਦ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਸਵਾਮੀਨਾਥਨ ਰੀਪੋਰਟ ਨੂੰ ਲਾਗੂ ਕਰਨ ਦੇ ਅਮਲ ਵਿਚ ਤੇਜ਼ੀ ਲਿਆਉਣ। ਇਸ ਰੀਪੋਰਟ ਦੇ ਲਾਗੂ ਹੋਣ ਨਾਲ ਕਿਸਾਨਾਂ ਲਈ ਫ਼ਸਲਾਂ ਦੀ ਲਾਗਤ 'ਤੇ 50 ਫ਼ੀ ਸਦੀ ਮੁਨਾਫ਼ਾ ਯਕੀਨੀ ਹੋ ਜਾਵੇਗਾ। ਵਫ਼ਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਇੱਕ ਵੱਡੇ ਰਾਸ਼ਟਰੀ ਅਤੇ ਗਲੋਬਲ ਸਮਾਰੋਹ ਵਜੋਂ  ਮਨਾਏ ਜਾਣ ਲਈ ਪ੍ਰਧਾਨ ਮੰਤਰੀ ਨੂੰ ਆਪਣੀ ਅਗਵਾਈ ਥੱਲੇ ਇੱਕ ਰਾਸ਼ਟਰੀ ਕਮੇਟੀ ਕਾਇਮ ਕਰਨ ਲਈ ਕਿਹਾ। ਪ੍ਰਧਾਨ ਮੰਤਰੀ ਨੇ ਇਸ ਦਾ ਹਾਂ-ਪੱਖੀ ਹੁੰਗਾਰਾ ਭਰਿਆ।

ਵਫ਼ਦ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਤੇ ਕਈ ਮਾਮਲਿਆਂ ਵਿਚ 20 ਸਾਲਾਂ ਤੋਂ ਵੱਧ ਸਜ਼ਾਵਾਂ ਕੱਟਣ ਦੇ ਬਾਵਜੂਦ ਜੇਲਾਂ ਵਿਚ ਸੜ੍ਹ ਰਹੇ ਸਾਰੇ ਸਿੱਖਾਂ ਅਤੇ ਪੰਜਾਬੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਵਫ਼ਦ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜੇਲ੍ਹਾਂ ਵਿਚ ਡੱਕੀ ਰੱਖਣਾ ਗੈਰ ਕਾਨੂੰਨੀ ਅਤੇ ਅਨੈਤਿਕ ਕਾਰਵਾਈ ਹੈ।

ਵਫ਼ਦ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਡੇਰਾ ਬਾਬਾ ਨਾਨਕ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਕਰਤਾਰਪੁਰ ਸਾਹਿਬ, ਪਾਕਿਸਤਾਨ ਤਕ ਇਕ ਗਲਿਆਰਾ ਬਣਾਉਣ ਦੇ ਮੁੱਦੇ ਅਪਣੇ ਪਾਕਿਸਤਾਨੀ ਹਮਰੁਤਬਾ ਨਾਲ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਉਤਸਵ 'ਤੇ ਇਹ ਉਨ੍ਹਾਂ ਲਈ ਸੱਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ। ਮੀਟਿੰਗ ਤੋਂ ਬਾਅਦ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਵਫ਼ਦ ਦੀ ਪ੍ਰਧਾਨ ਮੰਤਰੀ ਜੀ ਨਾਲ ਮੁਲਾਕਾਤ ਬਹੁਤ ਹੀ ਹਾਂ-ਪੱਖੀ ਅਤੇ ਸਿੱਟਾ-ਭਰਪੂਰ ਰਹੀ।