ਕਾਨਪੁਰ ਦੇ ਹਸਪਤਾਲ ਵਿਚ ਏਸੀ ਖ਼ਰਾਬ ਹੋਣ ਕਾਰਨ ਪੰਜ ਮਰੀਜ਼ਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਨਪੁਰ ਦੇ ਲਾਲਾ ਲਾਜਪਤ ਰਾਏ ਹਸਪਤਾਲ ਦੇ ਆਈਸੀਯੂ ਵਿਚ ਪਿਛਲੇ ਦੋ ਦਿਨਾਂ ਦੌਰਾਨ ਕਥਿਤ ਤੌਰ 'ਤੇ ਏਸੀ ਖ਼ਰਾਬ ਹੋਣ ਕਾਰਨ ਪੰਜ ਬਜ਼ੁਰਗਾਂ ਦੀ ਮੌਤ ਹੋ ਗਈ...

Patient in the hospital

ਕਾਨਪੁਰ,ਕਾਨਪੁਰ ਦੇ ਲਾਲਾ ਲਾਜਪਤ ਰਾਏ ਹਸਪਤਾਲ ਦੇ ਆਈਸੀਯੂ ਵਿਚ ਪਿਛਲੇ ਦੋ ਦਿਨਾਂ ਦੌਰਾਨ ਕਥਿਤ ਤੌਰ 'ਤੇ ਏਸੀ ਖ਼ਰਾਬ ਹੋਣ ਕਾਰਨ ਪੰਜ ਬਜ਼ੁਰਗਾਂ ਦੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਏਸੀ ਖ਼ਰਾਬ ਹੋਣ ਕਾਰਨ ਮੌਤਾਂ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ।ਗੋਰਖਪੁਰ ਮੈਡੀਕਲ ਕਾਲਜ ਵਿਚ ਪਿਛਲੇ ਸਾਲ ਕਥਿਤ ਰੂਪ ਵਿਚ ਆਕਸੀਜਨ ਦੀ ਕਮੀ ਕਾਰਨ ਭਾਰੀ ਗਿਣਤੀ ਵਿਚ ਮਰੀਜ਼ ਬੱਚਿਆਂ ਦੀ ਮੌਤ ਦੀ ਘਟਨਾ ਦੀ ਯਾਦ ਤਾਜ਼ਾ ਕਰਾਉਂਦੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ  ਗਈ ਹੈ।

ਹਸਪਤਾਲ ਵਿਚ ਭਰਤੀ ਰਹੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਆਈਸੀਯੂ ਵਿਚ ਪਿਛਲੇ ਕਈ ਦਿਨਾਂ ਤੋਂ ਏਸੀ ਖ਼ਰਾਬ ਹੈ ਜਿਸ ਕਾਰਨ ਰੋਗੀਆਂ ਦੀ ਮੌਤ ਹੋ ਗਈ ਹਾਲਾਂਕਿ ਹਸਪਤਾਲ ਚਲਾਉਣ ਵਾਲੇ ਗਣੇਸ਼ ਸ਼ੰਕਰ ਵਿਦਿਆਰਥੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦਾ ਦਾਅਵਾ ਹੈ ਕਿ ਮਰੀਜ਼ਾਂ ਦੀ ਮੌਤ ਏਸੀ ਕਾਰਨ ਨਹੀਂ ਸਗੋਂ ਗੰਭੀਰ ਬੀਮਾਰੀ ਕਾਰਨ ਹੋਈ ਹੈ। 

ਪ੍ਰਿੰਸੀਪਲ ਪ੍ਰੋਫ਼ੈਸਰ ਨਵਨੀਤ ਕੁਮਾਰ ਨੇ ਮੰਨਿਆ ਕਿ ਕਲ ਏਸੀ ਵਿਚ ਖ਼ਰਾਬੀ ਆਈ ਸੀ। ਉਸ ਨੂੰ ਠੀਕ ਵੀ ਕਰ ਦਿਤਾ ਗਿਆ ਸੀ ਪਰ ਉਹ ਫਿਰ ਖ਼ਰਾਬ ਹੋ ਗਿਆ। ਏਸੀ ਖ਼ਰਾਬ ਹੋਣ ਕਾਰਨ ਮਰੀਜ਼ਾਂ ਦੀ ਮੌਤ ਹੋਣ ਦੇ ਦੋਸ਼ ਬਿਲਕੁਲ ਗ਼ਲਤ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 
ਏਸੀ ਪਲਾਂਟ ਵਿਚ ਆਈ ਖ਼ਰਾਬੀ ਨੂੰ ਛੇਤੀ ਹੀ ਠੀਕ ਕਰਨ ਲਈ ਕਿਹਾ ਹੈ। ਹਸਪਤਾਲ ਦੇ ਆਈਸੀਯੂ ਵਿਚ ਪਿਛਲੇ ਦੋ ਦਿਨਾਂ ਦੌਰਾਨ ਪੰਜ ਬਜ਼ੁਰਗਾਂ ਦੀ ਮੌਤ ਹੋਣ ਦੀ ਖ਼ਬਰ ਮਿਲਣ ਮਗਰੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ।               (ਏਜੰਸੀ)