ਪ੍ਰਣਬ ਜੀ! ਤੁਹਾਨੂੰ ਸੰਘ ਦਾ ਹੇਜ਼ ਕਿਵੇਂ ਜਾਗ ਪਿਆ? : ਤਿਵਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਐਸਐਸ ਦੇ ਮੁੱਖ ਦਫ਼ਤਰ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਰਾਸ਼ਟਰਵਾਦ ਬਾਰੇ ਦਿਤੇ ਗਏ ਭਾਸ਼ਨ ਨੂੰ ਕਾਂਗਰਸ ਨੇ 'ਆਰਐਐਸ ਨੂੰ ਸੱਚ ਦਾ ਸ਼ੀਸ਼ਾ'...

Manish Tiwari

ਨਵੀਂ ਦਿੱਲੀ, ਆਰਐਸਐਸ ਦੇ ਮੁੱਖ ਦਫ਼ਤਰ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਰਾਸ਼ਟਰਵਾਦ ਬਾਰੇ ਦਿਤੇ ਗਏ ਭਾਸ਼ਨ ਨੂੰ ਕਾਂਗਰਸ ਨੇ 'ਆਰਐਐਸ ਨੂੰ ਸੱਚ ਦਾ ਸ਼ੀਸ਼ਾ' ਵਿਖਾਉਣਾ ਕਰਾਰ ਦਿਤਾ ਹੈ ਪਰ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਮੁਖਰਜੀ ਦੇ ਜਾਣ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਉਨ੍ਹਾਂ ਉਥੇ ਜਾ ਕੇ ਰਾਸ਼ਟਰਵਾਦ ਬਾਰੇ ਭਾਸ਼ਨ ਕਿਉਂ ਦਿਤਾ ਜਦਕਿ ਉਹ ਉਨ੍ਹਾਂ ਦੀ ਤੀਜੀ ਪੀੜ੍ਹੀ ਦੇ ਆਗੂਆਂ ਨੂੰ ਹਮੇਸ਼ਾ ਸੰਘ ਦੇ 'ਇਰਾਦੇ ਅਤੇ ਯੋਜਨਾ' ਬਾਰੇ ਚੌਕਸ ਕਰਦੇ ਰਹੇ।

ਤਿਵਾੜੀ ਨੇ ਟਵਿਟਰ 'ਤੇ ਕਿਹਾ, 'ਮੁਖਰਜੀ, ਕੀ ਮੈਂ ਤੁਹਾਨੂੰ ਸਵਾਲ ਪੁੱਛ ਸਕਦਾ ਹਾਂ ਜਿਸ ਦਾ ਤੁਸੀਂ ਹੁਣ ਤਕ ਜਵਾਬ ਨਹੀਂ ਦਿਤਾ ਅਤੇ ਜੋ ਲੱਖਾਂ ਧਰਮਨਿਰਪੱਖਤਾਵਾਦੀਆਂ ਨੂੰ ਰੜਕ ਗਏ ਹਨ। ਤੁਸੀਂ ਸੰਘ ਦੇ ਸਮਾਗਮ ਨੂੰ ਸੰਬੋਧਨ ਕਰਨ ਦਾ ਫ਼ੈਸਲਾ ਕਿਉਂ ਕੀਤਾ।' ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, 'ਤੁਹਾਡੀ ਪੀੜ੍ਹੀ 1980 ਅਤੇ 1990 ਦੇ ਦਹਾਕੇ ਵਿਚ ਸੰਘ ਦੇ ਇਰਾਦੇ ਅਤੇ ਯੋਜਨਾ ਬਾਰੇ ਸਾਡੀ ਪੀੜ੍ਹੀ ਨੂੰ ਹਰ ਕੈਂਪ ਵਿਚ ਚੌਕਸ ਕਰਦੀ ਰਹੀ ਹੈ।

ਤੁਸੀਂ ਉਸ ਸਰਕਾਰ ਦਾ ਹਿੱਸਾ ਸੀ ਜਿਸ ਨੇ 1975 ਅਤੇ 1992 ਵਿਚ ਆਰਐਸਐਸ 'ਤੇ ਪਾਬੰਦੀ ਲਾਈ। ਤੁਹਾਨੂੰ ਨਹੀਂ ਲਗਦਾ ਕਿ ਤੁਹਾਨੂੰ ਇਹ ਦਸਣਾ ਚਾਹੀਦਾ ਹੈ ਕਿ ਉਸ ਵਕਤ ਆਰਐਸਐਸ ਵਿਚ ਕੀ ਬੁਰਾਈ ਸੀ ਅਤੇ ਅੱਜ ਉਹੀ ਆਰਐਸਐਸ ਚੰਗੀ ਕਿਵੇਂ ਹੋ ਗਈ।' ਉਨ੍ਹਾਂ ਕਿਹਾ ਕਿ ਜਾਂ ਤਾਂ ਉਹ ਗੱਲਾਂ ਗ਼ਲਤ ਸਨ ਜਿਹੜੀਆਂ ਉਦੋਂ ਦੱਸੀਆਂ ਗਈਆਂ ਜਾਂ ਅੱਜ ਦੀਆਂ ਗੱਲਾਂ ਗ਼ਲਤ ਹਨ। (ਏਜੰਸੀ)