ਪ੍ਰਣਬ ਦਾ ਸੰਘ ਦੇ ਸਮਾਗਮ ਵਿਚ ਜਾਣਾ ਇਤਿਹਾਸ ਦੀ ਅਹਿਮ ਘਟਨਾ : ਅਡਵਾਨੀ
ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਆਰਐਸਐਸ ਦੇ ਸਮਾਗਮ ਵਿਚ ਜਾਣ ਨੂੰ ਇਤਿਹਾਸ ਦੀ ....
ਨਵੀਂ ਦਿੱਲੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਆਰਐਸਐਸ ਦੇ ਸਮਾਗਮ ਵਿਚ ਜਾਣ ਨੂੰ ਇਤਿਹਾਸ ਦੀ ਅਹਿਮ ਘਟਨਾ ਦਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਵਿਚਾਰਾਂ ਦੇ ਆਦਾਨ-ਪ੍ਰਦਾਨ ਨਾਲ ਸਹਿਣਸ਼ੀਲਤਾ ਅਤੇ ਸਾਂਝੀਵਾਲਤਾ ਦੀ ਭਾਵਨਾ ਤਿਆਰ ਕਰਨ ਵਿਚ ਮਦਦ ਮਿਲੇਗੀ।
ਅਡਵਾਨੀ ਨੇ ਕਿਹਾ ਕਿ ਪ੍ਰਣਬ ਮੁਖਰਜੀ ਦਾ ਆਰਐਸਐਸ ਦੇ ਮੁੱਖ ਦਫ਼ਤਰ ਜਾਣਾ ਅਤੇ ਉਨ੍ਹਾਂ ਦਾ ਭਾਸ਼ਨ ਸਾਡੇ ਇਤਿਹਾਸ ਦੀ ਅਹਿਮ ਘਟਨਾ ਹੈ। ਉਨ੍ਹਾਂ ਪ੍ਰਣਬ ਮੁਖਰਜੀ ਨੂੰ ਸੱਦਾ ਦੇਣ ਲਈ ਮੋਹਨ ਭਾਗਵਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੋਹਾਂ ਦੇ ਵਿਚਾਰ ਅਪਣੇ ਆਪ ਵਿਚ ਅਹਿਮ ਵਿਸ਼ੇ 'ਤੇ ਕੇਂਦਰਤ ਹਨ। ਅਡਵਾਨੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਮੁਖਰਜੀ ਅਤੇ ਭਾਗਵਤ ਨੇ ਵਿਚਾਰਧਾਰਾਵਾਂ ਅਤੇ ਮਤਭੇਦਾਂ ਤੋਂ ਪਰੇ ਸੰਵਾਦ ਦੀ ਸਹੀ ਅਰਥਾਂ ਵਿਚ ਸ਼ਲਾਘਾਯੋਗ ਮਿਸਾਲ ਪੇਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਦੋਹਾਂ ਨੇ ਭਾਰਤ ਦੀ ਭਾਵਨਾ 'ਤੇ ਜ਼ੋਰ ਦਿਤਾ ਜੋ ਵੰਨ-ਸੁਵੰਨਤਾ ਸਮੇਤ ਹਰ ਤਰ੍ਹਾਂ ਦੀ ਅਨੇਕਤਾ ਨੂੰ ਪ੍ਰਵਾਨ ਕਰਦੀ ਹੈ। ਉਧਰ, ਸੰਘ ਨੇ ਕਿਹਾ ਕਿ ਮੁਖਰਜੀ ਦਾ ਭਾਸ਼ਨ ਭਾਰਤ ਦੇ ਗੌਰਵਸ਼ਾਲੀ ਅਤੀਤ ਦੀ ਯਾਦ ਕਰਾਉਂਦਾ ਹੈ। ਸੰਘ ਦੇ ਬੁਲਾਰੇ ਅਰੁਣ ਕੁਮਾਰ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਸੰਘ ਦੇ ਸਮਾਗਮ ਵਿਚ ਆ ਕੇ ਅਪਣਾ ਭਾਸ਼ਨ ਦਿੰਦਿਆਂ ਦੇਸ਼ ਦੇ ਗੌਰਵਸ਼ਾਲੀ ਅਤੀਤ ਦੀ ਯਾਦ ਦਿਵਾਈ ਅਤੇ ਉਨ੍ਹਾਂ ਨੇ ਅਨੇਕਤਾ ਵਿਚ ਏਕਤਾ ਨੂੰ ਭਾਰਤ ਦੀ ਬੁਨਿਆਦ ਦਸਿਆ। (ਏਜੰਸੀ)