ਨਕਸਲੀਆਂ ਦੇ ਨਿਸ਼ਾਨੇ 'ਤੇ ਪ੍ਰਧਾਨ ਮੰਤਰੀ ਮੋਦੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਉਵਾਦੀਆਂ ਨਾਲ ਕਥਿਤ ਸਬੰਧਾਂ ਲਈ ਗ੍ਰਿਫ਼ਤਾਰ ਕੀਤੇ ਗਏ ਇਕ ਸ਼ਖ਼ਸ ਦੇ ਘਰੋਂ ਮਿਲੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਮਾਉਵਾਦੀ 'ਰਾਜੀਵ ਗਾਂਧੀ ਹਤਿਆ ...

Narendra Modi

ਪੁਣੇ, ਮਾਉਵਾਦੀਆਂ ਨਾਲ ਕਥਿਤ ਸਬੰਧਾਂ ਲਈ ਗ੍ਰਿਫ਼ਤਾਰ ਕੀਤੇ ਗਏ ਇਕ ਸ਼ਖ਼ਸ ਦੇ ਘਰੋਂ ਮਿਲੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਮਾਉਵਾਦੀ 'ਰਾਜੀਵ ਗਾਂਧੀ ਹਤਿਆ ਕਾਂਡ ਜਿਹੀ ਘਟਨਾ' ਨੂੰ ਅੰਜਾਮ ਦੇਣ ਬਾਰੇ ਵਿਚਾਰ ਕਰ ਰਹੇ ਹਨ। ਚਿੱਠੀ ਵਿਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਰੋਡ ਸ਼ੋਅ ਦੌਰਾਨ ਨਿਸ਼ਾਨਾ ਬਣਾਇਆ ਜਾਵੇ। ਪੁਲਿਸ ਨੇ ਦਸਿਆ ਕਿ ਇਹ ਚਿੱਠੀ 'ਆਰ' ਨਾਮ ਦੇ ਕਿਸੇ ਵਿਅਕਤੀ ਨੇ ਕਿਸੇ ਕਾਮਰੇਡ ਪ੍ਰਕਾਸ਼ ਨੂੰ ਲਿਖੀ ਹੈ।

ਇਸ ਵਿਚ ਐਮ ਚਾਰ ਰਾਈਫ਼ਲ ਖ਼ਰੀਦਣ ਲਈ ਅੱਠ ਕਰੋੜ ਰੁਪਏ ਦੀ ਅਤੇ ਨਾਲ ਹੀ ਘਟਨਾ ਨੂੰ ਅੰਜਾਮ ਦੇਣ ਲਈ ਚਾਰ ਲੱਖ ਰਾਊਂਡ ਗੋਲਾ ਬਾਰੂਦ ਦੀ ਲੋੜ 'ਤੇ ਜ਼ੋਰ ਦੀ ਗੱਲ ਕੀਤੀ ਗਈ ਹੈ। ਪੁਲਿਸ ਨੇ ਦਸਿਆ ਕਿ ਇਹ ਚਿੱਠੀ ਰੋਨਾ ਵਿਲਸਨ ਦੇ ਘਰ ਵਿਚੋਂ ਬਰਾਮਦ ਕੀਤੀ ਗਈ ਜਿਸ ਨੂੰ ਹਾਲ ਹੀ ਵਿਚ ਮੁੰਬਈ, ਨਾਗਪੁਰ ਅਤੇ ਦਿੱਲੀ ਤੋਂ ਪੰਜ ਦੂਜੇ ਵਿਅਕਤੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਨ੍ਹਾਂ ਨੂੰ ਭੀਮਾ ਕੋਰੇਗਾਂਵ ਹਿੰਸਾ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਂ ਨੂੰ ਕਲ ਸੈਸ਼ਨ ਅਦਾਲਤ ਵਿਚ ਪੇਸ਼ ਕੀਤਾ ਅਿਗਾ ਸੀ ਜਿਸ ਨੇ ਉਨ੍ਹਾਂ ਨੂੰ 14 ਦਿਨਾਂ ਲਈ ਪੁਲਿਸ ਹਿਰਾਸਤ ਵਿਚ ਭੇਜ ਦਿਤਾ। ਚਿੱਠੀ ਵਿਚ ਲਿਖਿਆ ਹੈ, 'ਹਿੰਦੂ ਫ਼ਾਸ਼ੀਵਾਦ ਨੂੰ ਹਰਾਉਣਾ ਸਾਡਾ ਮੂਲ ਏਜੰਡਾ ਰਿਹਾ ਹੈ ਅਤੇ ਇਹ ਪਾਰਟੀ ਦੀ ਅਹਿਮ ਚਿੰਤਾ ਹੈ। ਕਈ ਆਗੂਆਂ ਅਤੇ ਜਥੇਬੰਦੀਆਂ ਨੇ ਇਹ ਮੁੱਦਾ ਕਾਫ਼ੀ ਮਜ਼ਬੂਤੀ ਨਾਲ ਚੁਕਿਆ ਹੈ।' ਕਿਹਾ ਗਿਆ ਹੈ, 'ਮੋਦੀ ਦੀ ਅਗਵਾਈ ਵਿਚ ਹਿੰਦੂ ਫ਼ਾਸ਼ੀਵਾਦੀ ਸ਼ਾਸਨ ਆਦਿਵਾਸੀਆਂ ਨੂੰ ਦਰੜਦੇ ਹੋਏ ਤੇਜ਼ੀ ਨਾਲ ਉਨ੍ਹਾਂ ਦੇ ਜੀਵਨ ਵਿਚ ਵੜਦਾ ਜਾ ਰਿਹਾ ਹੈ।

ਬਿਹਾਰ ਅਤੇ ਪਛਮੀ ਬੰਗਾਲ ਵਿਚ ਮਿਲੀ ਵੱਡੀ ਹਾਰ ਦੇ ਬਾਵਜੂਦ ਮੋਦੀ 15 ਰਾਜਾਂ ਵਿਚ ਭਾਜਪਾ ਸਰਕਾਰ ਦੀ ਸਥਾਪਨਾ ਕਰਨ ਵਿਚ ਸਫ਼ਲ ਰਹੇ ਹਨ।' ਚਿੱਠੀ ਵਿਚ ਲਿਖਿਆ ਗਿਆ ਹੈ, 'ਜੇ ਇਹ ਰਫ਼ਤਾਰ ਜਾਰੀ ਰਹੀ ਤਾਂ ਇਸ ਦਾ ਅਰਥ ਹੋਵੇਗਾ ਕਿ ਪਾਰਟੀ ਲਈ ਸਾਰੇ ਮੋਰਚਿਆਂ 'ਤੇ ਕਾਫ਼ੀ ਮੁਸ਼ਕਲ ਖੜੀ ਹੋਣ ਵਾਲੀ ਹੈ। ਕਾਮਰੇਡ ਕਿਸ਼ਨ ਅਤੇ ਦੂਜੇ ਕਾਮਰੇਡਾਂ ਨੇ ਮੋਦੀ ਰਾਜ ਨੂੰ ਖ਼ਤਮ ਕਰਨ ਲਈ ਮਜ਼ਬੂਤ ਸੁਝਾਅ ਦਿਤੇ ਹਨ। ਅਸੀਂ ਸਾਰੇ ਰਾਜੀਵ ਗਾਂਧੀ ਹਤਿਆ ਕਾਂਡ ਜਿਹੀ ਘਟਨਾ 'ਤੇ ਵਿਚਾਰ ਕਰ ਰਹੇ ਹਾਂ।' (ਏਜੰਸੀ)