ਬੀਜ ਘਪਲੇ 'ਚ ਨਵਾਂ ਮੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਂਸ ਦਾ ਦਾਅਵਾ ਕਿ ਘਪਲੇ ਦਾ ਅਸਲੀ ਕਰਤਾ-ਧਰਤਾ ਬਾਦਲਾਂ ਦਾ ਨਜ਼ਦੀਕੀ

1

ਕਿਹਾ, ਰੰਧਾਵਾ 'ਤੇ ਮਜੀਠੀਆ ਸਿਆਸੀ ਖੁੰਦਕ ਕਾਰਨ ਲਾ ਰਿਹੈ ਦੋਸ਼
ਸਿਟ ਵਲੋਂ ਪੀ.ਏ.ਯੂ. ਨੂੰ ਜਾਂਚ 'ਚ ਸ਼ਾਮਲ ਨਾ ਕਰਨ 'ਤੇ ਵੀ ਉਠਾਏ ਸਵਾਲ
ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ




ਚੰਡੀਗੜ੍ਹ, 9 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਪਿਛਲੇ ਕਈ ਦਿਨਾਂ ਤੋਂ ਚਰਚਾ 'ਚ ਚਲ ਰਹੇ ਬੀਜ ਘਪਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਦਾਅਵਾ ਕੀਤਾ ਕਿ ਇਸ ਬੀਜ ਘਪਲੇ ਦਾ ਅਸਲੀ ਕਰਤਾ-ਧਰਤਾ ਰਾਜਪੁਰਾ ਦੇ ਪਿੰਡ ਮਰਦਾਂਪੁਰ ਦਾ ਕੁਲਿਵੰਦਰ ਸਿੰਘ ਹੈ, ਜੋ ਕਿ ਹਾਲੇ ਤਕ ਵੀ ਆਜ਼ਾਦ ਘੁੰਮ ਰਿਹਾ ਹੈ।


ਬੈਂਸ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ 'ਚ ਕਈ ਦਸਤਾਵੇਜ਼ਾਂ ਸਮੇਤ ਦਸਿਆ ਕਿ ਇਹ ਵਿਅਕਤੀ ਪੀ.ਏ.ਯੂ. ਦੇ ਕਿਸਾਨ ਕਲੱਬ ਦਾ ਚੁਣਿਆ ਹੋਇਆ ਪ੍ਰਧਾਨ ਹੈ, ਜਿਸ ਨੂੰ ਪੀ.ਏ.ਯੂ. ਨੇ ਨਵੀਂ ਕਿਸਮ ਦਾ ਝੋਨੇ ਦਾ ਪੀ.ਆਰ.128 ਤੇ 129 ਕਿਸਮ ਦਾ ਬੀਜ ਕਿਸਾਨਾਂ 'ਚ ਪ੍ਰਮੋਟ ਕਰਨ ਲਈ ਦਿਤਾ ਸੀ ਪਰ ਇਸ ਨੇ ਕਿਸਾਨਾਂ ਨੂੰ ਬੀਜ ਦੇਣ ਦੀ ਥਾਂ 700 ਕੁਇੰਟਲ ਬੀਜ ਡੇਰਾ ਬਾਬਾ ਨਾਨਕ ਦੀ ਕਰਨਾਲ ਐਗਰੋ ਫ਼ੀਡ ਫ਼ਰਮ ਨੂੰ ਦੇ ਦਿਤਾ ਜਿਸ ਦਾ ਮਾਲਕ ਲੱਕੀ ਢਿੱਲੋਂ ਹੈ ਜੋ ਇਸ ਸਮੇਂ ਗ੍ਰਿਫ਼ਤਾਰ ਹੋ ਚੁੱਕਾ ਹੈ।


ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਨੇਤਾਵਾਂ ਵਲੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਤੇ ਬੀਜ ਘਪਲੇ ਬਾਰੇ ਲਾਏ ਜਾ ਰਹੇ ਦੋਸ਼ਾਂ ਸਬੰਧੀ ਬੈਂਸ ਨੇ ਕਿਹਾ ਕਿ ਮਜੀਠੀਆ ਦੀ ਰੰਧਾਵਾ ਨਾਲ ਪੁਰਾਣੀ ਸਿਆਸੀ ਖੁੰਦਕਬਾਜ਼ੀ ਹੈ ਅਤੇ ਮਾਝੇ ਦੇ ਜਰਨੈਲਾਂ ਦੀ ਲੜਾਈ ਹੈ, ਜਿਸ ਕਰ ਕੇ ਗ਼ਲਤ ਦੋਸ਼ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਮਜੀਠੀਆ ਇਸ ਘਪਲੇ ਦੇ ਅਸਲ ਦੋਸ਼ੀਆਂ ਨੂੰ ਬਚਾਉਣ ਦੇ ਯਤਨਾਂ 'ਚ ਹੈ ਜਿਨ੍ਹਾਂ ਦਾ ਸਬੰਧ ਬਾਦਲ ਪ੍ਰਵਾਰ ਨਾਲ ਬਹੁਤ ਪੁਰਾਣਾ ਹੈ। ਬੈਂਸ ਨੇ ਕੁਲਵਿੰਦਰ ਸਿੰਘ ਅਤੇ ਉਸ ਦੇ ਪਿਤਾ ਲਾਲ ਸਿੰਘ ਦੀਆਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਮਾਤਾ ਸਵਰਗੀ ਸੁਰਿੰਦਰ ਕੌਰ ਨਾਲ ਤਸਵੀਰਾਂ ਵੀ ਵਿਖਾਈਆਂ। ਬੈਂਸ ਨੇ ਪੰਜਾਬ ਸਰਕਾਰ ਵਲੋਂ ਬੀਜ ਘਪਲੇ ਦੀ ਜਾਂਚ ਲਈ ਗਠਤ ਸਿਟ ਵਲੋਂ ਹਾਲੇ ਤਕ ਪੀ.ਏ.ਯੂ. ਦੇ ਕਿਸੇ ਵੀ ਅਧਿਕਾਰੀ ਨੂੰ ਜਾਂਚ 'ਚ ਸ਼ਾਮਲ ਨਾ ਕਰਨ 'ਤੇ ਵੀ ਸਵਾਲ ਉਠਾਏ ਹਨ।


ਉਨ੍ਹਾਂ ਕਿਹਾ ਕਿ ਬੀਜ ਪੀ.ਏ.ਯੂ. ਨੇ ਹੀ ਅੱਗੇ ਕਿਸਾਨਾਂ 'ਚ ਪ੍ਰਮੋਟ ਕਰਨ ਲਈ ਕਿਸਾਨ ਕਲੱਬ ਰਾਹੀਂ ਦਿਤਾ ਸੀ ਜਿਸ ਕਰ ਕੇ ਪੀ.ਏ.ਯੂ. ਦੀ ਭੂਮਿਕਾ ਦੀ ਵੀ ਜਾਂਚ ਬਣਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਮਹਿਕਮਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧੀਨ ਹੈ ਜਿਸ ਕਰ ਕੇ ਸਿੱਟ ਅਧਿਕਾਰੀ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਸਾਂਝ ਦੇ ਵੀ ਸੰਕੇਤ ਮਿਲਦੇ ਹਨ ਜਿਸ ਕਰ ਕੇ ਅਸਲੀ ਦੋਸ਼ੀਆਂ ਨੂੰ ਫੜਨ ਦੀ ਥਾਂ ਮਾਮਲਾ ਦਬਾਉਣ ਦੇ ਯਤਨ ਹੋ ਰਹੇ ਹਨ। ਬੈਂਸ ਨੇ ਐਲਾਨ ਕੀਤਾ ਕਿ ਉਹ ਛੇਤੀ ਹੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਮਿਲ ਕੇ ਸੀ.ਬੀ.ਆਈ. ਜਾਂਚ ਦੀ ਮੰਗ ਕਰਨਗੇ ਕਿਉਂਕਿ ਇਹ ਘਪਲਾ ਕਿਸਾਨਾਂ ਦੀ ਲੁੱਟ ਦਾ ਬਹੁਤ ਗੰਭੀਰ ਮਾਮਲਾ ਹੈ ਤੇ ਇਹ ਕਾਰੋਬਾਰ ਕਈ ਰਾਜ ਤਕ ਫੈਲਿਆ ਹੋਇਆ ਹੈ।