ਭਾਰਤ ਸੀਰਮ ਕੰਪਨੀ ਨੂੰ ਕੋਵਿਡ-19 ਮਰੀਜ਼ਾਂ 'ਤੇ ਦਵਾਈ ਪਰਖ ਦੀ ਮਨਜ਼ੂਰੀ
ਭਾਰਤ ਸੀਰਮ ਐਂਡ ਵੈਕਸੀਨ ਲਿਮਟਿਡ (ਬੀਐਸਵੀਐਲ) ਨੂੰ ਭਾਰਤੀ ਦਵਾਈ ਰੈਗੂਲੇਟਰ ਤੋਂ ਸਾਹ ਲੈਣ ਵਿਚ ਦਿੱਕਤ ਵਾਲੇ ਗੰਭੀਰ ਕੋਵਿਡ-19
ਨਵੀਂ ਦਿੱਲੀ, 8 ਜੂਨ : ਭਾਰਤ ਸੀਰਮ ਐਂਡ ਵੈਕਸੀਨ ਲਿਮਟਿਡ (ਬੀਐਸਵੀਐਲ) ਨੂੰ ਭਾਰਤੀ ਦਵਾਈ ਰੈਗੂਲੇਟਰ ਤੋਂ ਸਾਹ ਲੈਣ ਵਿਚ ਦਿੱਕਤ ਵਾਲੇ ਗੰਭੀਰ ਕੋਵਿਡ-19 ਮਰੀਜ਼ਾਂ 'ਤੇ ਪਹਿਲਾਂ ਤੋਂ ਮੌਜੂਦ ਯੂਲੀਨੈਸਟੇਟਿਨ ਦਵਾਈ ਦੀ ਪਰਖ ਦੀ ਮਨਜ਼ੂਰੀ ਮਿਲ ਗਈ ਹੈ। ਇਸ ਦਵਾਈ ਦੀ ਪਰਖ ਕੋਰੋਨਾ ਵਾਇਰਸ ਦੇ ਸੰਭਾਵੀ ਇਲਾਜ ਵਜੋਂ ਕੀਤੀ ਜਾਵੇਗੀ। ਭਾਰਤ ਸੀਰਮਸ ਤੋਂ ਪਹਿਲਾਂ ਸਨ ਫ਼ਾਰਮਾਸੂਟੀਕਲਜ਼ ਇੰਡਸਟਰੀਜ਼, ਗਲੇਨਮਾਰਕ ਫ਼ਾਰਮਾਸੂਟੀਕਲਜ਼ ਅਤੇ ਸਟਰਾਈਡੇਸ ਫ਼ਾਰਮਾ ਸਾਇੰਸ ਨੂੰ ਕੋਵਿਡ-19 ਦੇ ਸੰਭਾਵੀ ਇਲਾਜ ਲਈ ਦਵਾਈ ਦੀ ਇਨਸਾਨੀ ਪਰਖ ਦੀ ਮਨਜ਼ੂਰੀ ਮਿਲ ਚੁਕੀ ਹੈ।
ਬੀਐਸਵੀਐਲ ਨੇ ਸੋਮਵਾਰ ਨੂੰ ਬਿਆਨ ਰਾਹੀਂ ਦਸਿਆ ਕਿ ਉਸ ਦੇ ਭਾਰਤੀ ਦਵਾਈ ਰੈਗੂਲੇਟਰ (ਡੀਸੀਜੀਆਈ) ਤੋਂ ਹਲਕੇ ਤੋਂ ਆਮ ਲੱਛਣਾਂ ਵਾਲੇ ਸਾਹ ਸਬੰਧੀ ਤੀਬਰ ਬੀਮਾਰੀ ਯਾਨੀ ਏਆਰਡੀਐਸ ਤੋਂ ਗ੍ਰਸਤ ਕੋਵਿਡ ਮਰੀਜ਼ਾਂ 'ਤੇ ਯੂਲੀਨੈਸਟੇਟਿਨ ਦੇ ਤੀਜੇ ਪੜਾਅ ਦੇ ਤਜਰਬੇ ਦੀ ਆਗਿਆ ਮਿਲੀ ਹੈ। ਯੂਲੀਨੈਸਟੇਟਿਨ ਨੂੰ ਹਾਲੇ ਭਾਰਤ ਵਿਚ ਪੁਰਾਣੇ ਸੜੇ ਜ਼ਖ਼ਮਾਂ ਦੇ ਇਲਾਜ ਵਿਚ ਵਰਤੋਂ ਦੀ ਮਨਜ਼ੂਰੀ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੰਜੀਵ ਨਵਾਂਗੁਲ ਨੇ ਕਿਹਾ ਕਿ ਯੂਲੀਨੈਸਟੇਟਿਨ ਦੀ ਵਰਤੋਂ ਉਨ੍ਹਾਂ ਪੀੜਤ ਮਰੀਜ਼ਾਂ 'ਤੇ ਕੀਤੀ ਜਾਵੇਗੀ ਜੋ ਗੰਭੀਰ ਹਨ ਅਤੇ ਉਨ੍ਹਾਂ ਨੂੰ ਏਆਰਡੀਐਸ ਕਾਰਨ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਇਹ ਇਨਸਾਨੀ ਪਰਖ ਛੇ ਤੋਂ ਅੱਠ ਹਸਪਤਾਲਾਂ ਵਿਚ ਕੀਤੀ ਜਾਵੇਗੀ। (ਏਜੰਸੀ)