ਅਯੁਧਿਆ 'ਚ ਰਾਮ ਮੰਦਰ ਦਾ ਨਿਰਮਾਣ ਭਲਕੇ ਤੋਂ ਹੋਵੇਗਾ ਸ਼ੁਰੂ
ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ 10 ਜੂਨ ਯਾਨੀ ਬੁੱਧਵਾਰ ਤੋਂ ਸ਼ੁਰੂ ਹੋਵੇਗਾ, ਜਿਸ ਦਿਨ ਮੰਦਰ ਦੀ ਨੀਂਹ ਲਈ ਪਹਿਲੀ ਇੱਟ ਰੱਖੀ
ਅਯੁੱਧਿਆ, 8 ਜੂਨ : ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ 10 ਜੂਨ ਯਾਨੀ ਬੁੱਧਵਾਰ ਤੋਂ ਸ਼ੁਰੂ ਹੋਵੇਗਾ, ਜਿਸ ਦਿਨ ਮੰਦਰ ਦੀ ਨੀਂਹ ਲਈ ਪਹਿਲੀ ਇੱਟ ਰੱਖੀ ਜਾਵੇਗੀ। ਮੰਦਰ ਨਿਆਸ ਦੇ ਮੁਖੀ ਦੇ ਬੁਲਾਰੇ ਨੇ ਇਹ ਜਾਣਕਾਰੀ ਦਿਤੀ। ਇਸ ਮੌਕੇ ਰਾਮ ਜਨਮ ਭੂਮੀ ਸਥਾਨ 'ਤੇ ਕੁਬੇਰ ਟੀਲਾ ਮੰਦਰ 'ਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਵੇਗੀ।
ਦਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਸੁਪਰੀਮ ਕੋਰਟ ਨੇ ਅਪਣੇ ਇਕ ਇਤਿਹਾਸਕ ਫ਼ੈਸਲੇ 'ਚ ਰਾਮ ਮੰਦਰ ਦੇ ਨਿਰਮਾਣ ਲਈ ਮਾਰਗ ਪੱਕਾ ਕਰਦੇ ਹੋਏ ਰਾਮ ਜਨਮਭੂਮੀ ਸਥਾਨ ਨੂੰ ਮੰਦਰ ਨਿਰਮਾਣ ਲਈ ਅਲਾਟ ਕਰਨ ਦਾ ਆਦੇਸ਼ ਦਿਤਾ ਸੀ। ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਨਿਆਸ ਦੇ ਮੁਖੀ ਮਹੰਤ ਨ੍ਰਿਤਯ ਗੋਪਾਲ ਦਾਸ ਵਲੋਂ ਕਮਲ ਨਯਨ ਦਾਸ ਅਤੇ ਹੋਰ ਪੁਜਾਰੀ ਪੂਜਾ ਕਰਨਗੇ।
ਪੂਜਾ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਗੋਪਾਲ ਦਾਸ ਨੇ ਹਾਲ ਹੀ 'ਚ ਸਥਾਨ ਦਾ ਦੌਰਾ ਕੀਤਾ ਸੀ। ਕਮਲ ਨਯਨ ਦਾਸ ਨੇ ਕਿਹਾ ਕਿ ਇਹ ਧਾਰਮਕ ਪੂਜਾ ਘੱਟੋ-ਘੱਟ 2 ਘੰਟੇ ਤਕ ਚੱਲੇਗੀ ਅਤੇ ਉਸ ਤੋਂ ਬਾਅਦ ਮੰਦਰ ਦੀ ਨੀਂਹ ਰੱਖਣ ਦੇ ਨਾਲ ਹੀ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। (ਏਜੰਸੀ)