ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ 2.6 ਲੱਖ ਤੋਂ ਪਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

24 ਘੰਟਿਆਂ ਵਿਚ 266 ਮੌਤਾਂ, 9987 ਨਵੇਂ ਮਾਮਲੇ

ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ ਬਾਹਰ ਸ਼ੱਕੀ ਕੋਰੋਨਾ ਵਾਇਰਸ ਮਰੀਜ਼ ਨਮੂਨੇ ਦੇਣ ਲਈ ਅਪਣੀ ਵਾਰੀ ਦੀ ਉਡੀਕ ਕਰਦਾ ਹੋਇਆ। ਪੀਟੀਆਈ

ਰੋਜ਼ਾਨਾ 250 ਤੋਂ ਵੱਧ ਲੋਕਾਂ ਦੀ ਮੌਤ, 10 ਹਜ਼ਾਰ ਤਕ ਮਾਮਲੇ




ਨਵੀਂ ਦਿੱਲੀ, 9 ਜੂਨ: ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ ਰੀਕਾਰਡ 9987 ਮਾਮਲੇ ਸਾਹਮਣੇ ਆਉਣ ਮਗਰੋਂ ਮੰਗਲਵਾਰ ਸਵੇਰ ਤਕ ਕੁਲ ਪੀੜਤਾਂ ਦੀ ਗਿਣਤੀ 2.6 ਲੱਖ ਦੇ ਪਾਰ ਚਲੀ ਗਈ। ਨਵੇਂ ਰੋਜ਼ਾਨਾ ਮਾਮਲੇ ਲਗਭਗ 10 ਹਜ਼ਾਰ 'ਤੇ ਪਹੁੰਚ ਰਹੇ ਹਨ। ਮਾਮਲੇ ਅਜਿਹੇ ਸਮੇਂ ਵੱਧ ਰਹੇ ਹਨ ਜਦ ਦੇਸ਼ 75 ਦਿਨਾਂ ਦੀ ਤਾਲਾਬੰਦੀ ਤੋਂ ਬਾਹਰ ਨਿਕਲਿਆ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਸਖ਼ਤ ਸ਼ਰਤਾਂ ਨਾਲ ਵੱਡੇ ਖ਼ਰੀਦਦਾਰੀ ਕੇਂਦਰ, ਧਾਰਮਕ ਸਥਾਨ ਅਤੇ ਦਫ਼ਤਰ ਖੁਲ੍ਹ ਰਹੇ ਹਨ।


ਜੂਨ ਦੀ ਸ਼ੁਰੂਆਤ ਮਗਰੋਂ ਹੀ ਦੇਸ਼ ਵਿਚ ਕੋਵਿਡ-19 ਕਾਰਨ ਰੋਜ਼ਾਨਾ 200 ਤੋਂ ਵੱਧ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਮ੍ਰਿਤਕਾਂ ਦੀ ਇਹ ਗਿਣਤੀ 7466 ਤਕ ਪਹੁੰਚ ਗਈ ਹੈ। ਇਸ ਮਾਰੂ ਬੀਮਾਰੀ ਤੋਂ ਪ੍ਰਭਾਵਤ ਭਾਰਤ ਦੁਨੀਆਂ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਹਰਿਆਣਾ, ਜੰਮੂ ਕਸ਼ਮੀਰ, ਆਸਾਮ, ਕਰਨਾਟਕ, ਛੱਤੀਸਗੜ੍ਹ ਅਤੇ ਤ੍ਰਿਪੁਰਾ ਵਿਚ ਤੇਜ਼ੀ ਨਾਲ ਮਾਮਲੇ ਵਧੇ ਹਨ। ਪਿਛਲੇ 24 ਘੰਟਿਆਂ ਵਿਚ 266 ਲੋਕਾਂ ਦੀ ਮੌਤ ਹੋਈ ਹੈ ਅਤੇ ਲਾਗ ਦੇ 9987 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਲਗਾਤਾਰ ਛੇਵੇਂ ਦਿਨ 9000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਪੀੜਤਾਂ ਦੀ ਗਿਣਤੀ 2,66,598 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਫ਼ਿਲਹਾਲ 1,29,917 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1,29,214 ਮਰੀਜ਼ ਸਿਹਤਯਾਬ ਹੋ ਚੁਕੇ ਹਨ ਜਦਕਿ ਇਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁਕਾ ਹੈ। ਕੁਲ ਪੀੜਤਾਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

ਨਵੀਂ ਦਿੱਲੀ ਦੇ ਇਕ ਸਰਕਾਰੀ ਹਸਪਤਾਲ ਬਾਹਰ ਸ਼ੱਕੀ ਕੋਰੋਨਾ ਵਾਇਰਸ ਮਰੀਜ਼ ਨਮੂਨੇ ਦੇਣ ਲਈ ਅਪਣੀ ਵਾਰੀ ਦੀ ਉਡੀਕ ਕਰਦਾ ਹੋਇਆ।  ਪੀਟੀਆਈ
 

ਮੰਤਰਾਲੇ ਨੇ ਦਸਿਆ ਕਿ ਹੁਣ ਤਕ 48.47 ਫ਼ੀ ਸਦੀ ਲੋਕ ਠੀਕ ਹੋ ਚੁਕੇ ਹਨ।
ਇੰਡੀਅਨ ਮੈਡੀਕਲ ਕੌਂਸਲ ਰਿਸਰਚ ਨੇ ਕਿਹਾ ਕਿ ਮੰਗਲਵਾਰ ਸਵੇਰੇ ਨੌਂ ਵਜੇ ਤਕ 49,16,116 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ। ਪਿਛਲੇ 24 ਘੰਟਿਆਂ ਵਿਚ 1,41,682 ਨਮੂਨਿਆਂ ਦੀ ਜਾਂਚ ਹੋਈ। ਮੰਗਲਵਾਰ ਸਵੇਰ ਤਕ ਹੋਈਆਂ 266 ਮੌਤਾਂ ਵਿਚੋਂ ਸੱਭ ਤੋਂ ਜ਼ਿਆਦਾ 109 ਲੋਕਾਂ ਦੀ ਜਾਨ ਮਹਾਰਾਸ਼ਟਰ ਵਿਚ ਗਈ। ਇਸ ਤੋਂ ਬਾਅਦ ਦਿੱਲੀ ਵਿਚ 62, ਗੁਜਰਾਤ ਵਿਚ 31, ਤਾਮਿਲਨਾਡੂ ਵਿਚ 17, ਹਰਿਆਣਾ ਵਿਚ 11, ਪਛਮੀ ਬੰਗਾਲ ਵਿਚ ਨੌਂ, ਯੂਪੀ ਵਿਚ ਅੱਠ, ਰਾਜਸਥਾਨ ਵਿਚ ਛੇ, ਜੰਮੂ ਕਸ਼ਮੀਰ ਵਿਚ ਚਾਰ, ਕਰਨਾਟਕ ਵਿਚ ਤਿੰਨ, ਮੱਧ ਪ੍ਰਦੇਸ਼ ਅਤੇ ਪੰਜਾਬ ਵਿਚ ਦੋ ਦੋ ਅਤੇ ਬਿਹਾਰ ਤੇ ਕੇਰਲਾ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ। ਦੇਸ਼ ਵਿਚ ਹੁਣ ਤਕ ਕੁਲ 7466 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਜ਼ਿਆਦਾ 3169 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਗੁਜਰਾਤ ਵਿਚ 1280, ਦਿੱਲੀ ਵਿਚ 874, ਮੱਧ ਪ੍ਰਦੇਸ਼ ਵਿਚ 414, ਪਛਮੀ ਬੰਗਾਲ ਵਿਚ 405, ਤਾਮਿਲਨਾਡੂ ਵਿਚ 286, ਯੂਪੀ ਵਿਚ 283, ਰਾਜਸਥਾਨ ਵਿਚ 246 ਅਤੇ ਤੇਲੰਗਾਨਾ ਵਿਚ 137 ਲੋਕਾਂ ਦੀ ਮੌਤ ਹੋਈ।  (ਏਜੰਸੀ)