ਸਰਕਾਰ ਦੇਸ਼ ਨੂੰ ਦੱਸੇ ਕਿ ਕੀ ਚੀਨ ਨੇ ਭਾਰਤੀ ਇਲਾਕੇ 'ਤੇ ਕਬਜ਼ਾ ਕੀਤਾ ਹੈ : ਓਵੈਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਨਾਲ ਸਰਹੱਦ 'ਤੇ  ਚੱਲ ਰਹੇ ਰੇੜਕੇ ਬਾਰੇ ਏਆਈਐਮਆਈਐਮ ਮੁਖੀ ਅਸਦੂਦੀਨ ਓਵੈਸੀ ਨੇ ਕਿਹਾ ਕਿ ਸਰਕਾਰ ਦੇਸ਼ ਨੂੰ ਦੱਸੇ ਕਿ

Asaduddin Owaisi

ਹੈਦਰਾਬਾਦ, 8 ਜੂਨ : ਚੀਨ ਨਾਲ ਸਰਹੱਦ 'ਤੇ  ਚੱਲ ਰਹੇ ਰੇੜਕੇ ਬਾਰੇ ਏਆਈਐਮਆਈਐਮ ਮੁਖੀ ਅਸਦੂਦੀਨ ਓਵੈਸੀ ਨੇ ਕਿਹਾ ਕਿ ਸਰਕਾਰ ਦੇਸ਼ ਨੂੰ ਦੱਸੇ ਕਿ ਚੀਨੀ ਫ਼ੌਜੀਆਂ ਨੇ ਭਾਰਤੀ ਇਲਾਕੇ 'ਤੇ ਕਬਜ਼ਾ ਕੀਤਾ ਹੈ ਜਾਂ ਨਹੀਂ ਅਤੇ ਉਹ ਚੀਨ ਨਾਲ ਕੀ ਗੱਲ ਕਰ ਰਹੀ ਹੈ? ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦਿਆਂ ਹੈਦਰਾਬਾਦ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਗ੍ਰਹਿ ਮੰਤਰੀ ਅਤੇ ਰਖਿਆ ਮੰਤਰੀ ਆਸਾਨੀ ਨਾਲ ਦੇਸ਼ ਨੂੰ ਦੱਸ ਸਕਦੇ ਹਨ ਕਿ ਚੀਨ ਨੂੰ ਉਨ੍ਹਾਂ ਕੀ ਕਿਹਾ ਹੈ?

ਉਨ੍ਹਾਂ ਕਿਹਾ, 'ਕੀ ਸੱਚਮੁਚ ਉਹ ਚੀਨ ਨਾਲ ਗੱਲ ਕਰ ਰਹੇ ਹਨ ਕਿਉਂਕਿ ਸਾਡੀ ਫ਼ੌਜ ਦੇ ਅਧਿਕਾਰੀ ਅਤੇ ਚੀਨ ਦੀ ਫ਼ੌਜ ਪੀਐਲਏ ਦੇ ਅਧਿਕਾਰੀ ਵੀ ਇਕ ਦੂਜੇ ਨਾਲ ਗੱਲ ਕਰ ਰਹੇ ਹਨ? ਉਨ੍ਹਾਂ ਕਿਹਾ, 'ਕੇਂਦਰ ਸਰਕਾਰ ਨੂੰ ਦੇਸ਼ ਨੂੰ ਦਸਣਾ ਚਾਹੀਦਾ ਹੈ, ਉਨ੍ਹਾਂ ਨੂੰ ਸ਼ਰਮ ਕਿਉਂ ਆ ਰਹੀ ਹੈ? ਉਹ ਚੁੱਪ ਕਿਉਂ ਹਨ?   

ਓਵੈਸੀ ਦੀ ਟਿਪਣੀ ਵਕਤ ਆਈ ਹੈ ਜਦ ਇਕ ਦਿਨ ਪਹਿਲਾਂ ਹੀ ਭਾਰਤ ਅਤੇ ਚੀਨ ਨੇ ਰੇੜਕਾ ਦੂਰ ਕਰਨ ਲਈ ਗੱਲਬਾਤ ਕੀਤੀ ਹੈ। ਓਵੈਸੀ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਦੇਸ਼ ਵਿਚ ਤਾਲਾਬੰਦੀ ਨੂੰ ਮੁੜ ਅਸੰਵਿਧਾਨਕ ਦਸਿਆ ਅਤੇ ਦੋਸ਼ ਲਾਇਆ ਕਿ ਸਰਕਾਰ ਸੰਕਟ ਨਾਲ ਨਜਿੱਠਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਅਪਣਾ ਸੰਵਿਧਾਨਕ ਫ਼ਰਜ਼ ਨਿਭਾਉਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਤਾਲਾਬੰਦੀ ਦੌਰਾਨ ਸਿਹਤ ਢਾਂਚੇ ਨੂੰ ਬਿਹਤਰ ਕਰਨ ਦਾ ਕੰਮ ਨਹੀਂ ਕੀਤਾ ਅਤੇ ਗੁਜਰਾਤ ਵਿਚ ਮੌਤ ਦਰ ਕੌਮੀ ਔਸਤ ਨਾਲੋਂ ਜ਼ਿਆਦਾ ਹੈ। 12 ਕਰੋੜ ਲੋਕ ਨੌਕਰੀਆਂ ਗਵਾ ਚੁਕੇ ਹਨ ਅਤੇ ਉਨ੍ਹਾਂ ਨੂੰ ਰਾਹਤ ਦੇਣ ਲਈ ਕੁੱਝ ਨਹੀਂ ਕੀਤਾ ਗਿਆ।  (ਏਜੰਸੀ)