ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਵਾਧਾ
ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ 60 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ
ਨਵੀਂ ਦਿੱਲੀ, 8 ਜੂਨ: ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ 60 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ 83 ਦਿਨਾਂ ਮਗਰੋਂ ਕੀਮਤਾਂ ਦੀ ਰੋਜ਼ਾਨਾ ਆਧਾਰ 'ਤੇ ਫਿਰ ਸਮੀਖਿਆ ਸ਼ੁਰੂ ਕੀਤੀ ਹੈ। ਜਨਤਕ ਖੇਤਰ ਦੀਆਂ ਤੇਲ ਵੰਡ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ਵਿਚ ਸੋਮਵਾਰ ਨੂੰ ਪਟਰੌਲ ਦੀ ਕੀਮਤ 71.86 ਰੁਪਏ ਤੋਂ ਵੱਧ ਕੇ 72.46 ਰੁਪਏ ਪ੍ਰਤੀ ਲਿਟਰ ਹੋ ਗਈ ਜਦਕਿ ਡੀਜ਼ਲ ਦੀ ਕੀਮਤ 69.99 ਰੁਪਏ ਤੋਂ ਵੱਧ ਕੇ 70.59 ਰੁਪਏ ਪ੍ਰਤੀ ਲਿਟਰ ਕਰ ਦਿਤੀ ਗਈ।
ਇਸ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਐਤਵਾਰ ਨੂੰ 83 ਦਿਨਾਂ ਮਗਰੋਂ ਕੀਮਤਾਂ ਦੀ ਸਮੀਖਿਆ ਕਰਦਿਆਂ ਇਨ੍ਹਾਂ ਵਿਚ 60 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਸੀ। ਇਸ ਤਰ੍ਹਾਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਵਾਧਾ ਕੀਤਾ ਗਿਆ ਹੈ। ਤੇਲ ਕੰਪਨੀ ਦੇ ਅਧਿਕਾਰੀ ਨੇ ਦਸਿਆ ਕਿ ਰੋਜ਼ਾਨਾ ਆਧਾਰ 'ਤੇ ਕੀਮਤਾਂ ਵਿਚ ਸੋਧ ਮੁੜ ਸ਼ੁਰੂ ਹੋ ਗਈ ਹੈ। ਤੇਲ ਕੰਪਨੀਆਂ ਜਹਾਜ਼ ਤੇਲ ਅਤੇ ਐਲਪੀਜੀ ਦੀਆਂ ਕੀਮਤਾਂ ਦੀ ਲਗਾਤਾਰ ਸਮੀਖਿਆ ਕਰ ਰਹੀਆਂ ਸਨ ਪਰ 16 ਮਾਰਚ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।
ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਦੇ ਲਾਭ ਨੂੰ ਅਪਣੇ ਕੋਲ ਰੱਖਣ ਲਈ ਸਰਕਾਰ ਨੇ 14 ਮਾਰਚ ਨੂੰ ਪਟਰੌਲ ਤੇ ਡੀਜ਼ਲ 'ਤੇ ਉਤਪਾਦ ਫ਼ੀਸ ਵਿਚ ਤਿੰਨ ਰੁਪਏ ਲਿਟਰ ਦਾ ਵਾਧਾ ਕੀਤਾ ਸੀ ਜਿਸ ਤੋਂ ਬਾਅਦ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪਟਰੌਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪਟਰੌਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਰੋਕ ਦਿਤੀ ਸੀ। (ਏਜੰਸੀ)