ਮੌਤਾਂ ਦਾ ਅੰਕੜਾ 7200 'ਤੇ ਪੁੱਜਾ, ਨਵੇਂ ਮਾਮਲਿਆਂ 'ਚ ਰੀਕਾਰਡ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

24 ਘੰਟਿਆਂ ਵਿਚ 9983 ਨਵੇਂ ਮਾਮਲੇ, 206 ਮੌਤਾਂ, ਕੁਲ ਮਾਮਲੇ 2,56,611 ਹੋਏ, ਨਹੀਂ ਰੁਕ ਰਿਹਾ ਕੋਰੋਨਾ ਵਾਇਰਸ ਦਾ ਕਹਿਰ

Corona Virus

ਨਵੀਂ ਦਿੱਲੀ, 8 ਜੂਨ: ਦੇਸ਼ ਵਿਚ ਕੋਵਿਡ-19 ਦੇ ਰੀਕਾਰਡ 9983 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਭਰ ਵਿਚ ਪੀੜਤਾਂ ਦੀ ਕੁਲ ਗਿਣਤੀ 2,56,611 'ਤੇ ਪਹੁੰਚ ਗਈ ਹੈ ਜਦਕਿ ਲਾਗ ਕਾਰਨ 206 ਹੋਰ ਮੌਤਾਂ ਹੋਣ  ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 7200 ਹੋ ਗਈ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਭਾਰਤ ਦੁਨੀਆਂ ਵਿਚ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਬ੍ਰਿਟੇਨ ਮਗਰੋਂ ਕੋਵਿਡ-19 ਮਹਾਮਾਰੀ ਤੋਂ ਸੱਭ ਤੋਂ ਪ੍ਰਭਾਵਤ ਹੋਣ ਵਾਲਾ ਪੰਜਵਾਂ ਮੁਲਕ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇਸ ਵੇਲੇ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,25,381 ਹੈ

ਜਦਕਿ 124094 ਮਰੀਜ਼ ਬੀਮਾਰੀ ਤੋਂ ਠੀਕ ਹੋ ਚੁਕੇ ਹਨ। ਇਕ ਮਰੀਜ਼ ਦੇਸ਼ ਤੋਂ ਬਾਹਰ ਜਾ ਚੁਕਾ ਹੈ। ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ, 'ਹੁਣ ਤਕ ਲਗਭਗ 48.36 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ। ਸੋਮਵਾਰ ਨੂੰ ਇਕ ਦਿਨ ਵਿਚ ਰੀਕਾਰਡ 9983 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ਵਿਚ ਕੁਲ ਪੀੜਤਾਂ ਦੀ ਗਿਣਤੀ 256611 ਹੋ ਗਈ।

ਸੋਮਵਾਰ ਲਗਾਤਾਰ ਪੰਜਵਾਂ ਦਿਨ ਹੈ ਜਦ ਦੇਸ਼ ਵਿਚ ਕੋਵਿਡ-19 ਦੇ ਨੌਂ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਅੱਠ ਜੂਨ ਸਵੇਰੇ ਨੌਂ ਵਜੇ ਤਕ 47,74,434 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਚਿਵੋਂ 1,08,048 ਨਮੂਨਿਆਂ ਦੀ ਜਾਂਚ ਬੀਤੇ 24 ਘੰਟਿਆਂ ਵਿਚ ਹੋਈ।  ਪੁਸ਼ਟੀ ਕੀਤੇ ਗਏ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।' ਐਤਵਾਰ ਸਵੇਰ ਤੋਂ ਹੋਈਆਂ ਮੌਤਾਂ ਵਿਚੋਂ 91 ਮੌਤਾਂ ਮਹਾਰਾਸ਼ਟਰ ਵਿਚ, 30 ਮੌਤਾਂ ਗੁਜਰਾਤ ਵਿਚ, 18-18 ਮੌਤਾਂ ਤਾਮਿਲਨਾਡੂ ਅਤੇ ਯੂਪੀ ਵਿਚ, 13-13 ਮੌਤਾਂ ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਵਿਚ, ਨੌਂ ਮੌਤਾਂ ਰਾਜਸਥਾਨ ਵਿਚ,

 ਚਾਰ ਹਰਿਆਣਾ ਵਿਚ, ਦੋ ਦੋ ਮੌਤਾਂ ਆਂਧਰਾ ਪ੍ਰਦੇਸ਼, ਕਰਨਾਟਕ, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਚ ਹੋਈਆਂ ਹਨ ਜਦਕਿ ਉੜੀਸਾ ਅਤੇ ਪੰਜਾਬ ਵਿਚ ਇਕ ਇਕ ਮੌਤ ਹੋਈ ਹੈ। ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 5137 ਲੋਕ ਠੀਕ ਹੋਏ ਹਨ। ਹੁਣ ਤਕ 48.49 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ। ਮੰਤਰਾਲੇ ਦੀ ਵੈਬਸਾਈਟ ਮੁਤਾਬਕ ਮਰਨ ਵਾਲੇ 70 ਫ਼ੀ ਸਦੀ ਲੋਕਾਂ ਵਿਚੋਂ ਜ਼ਿਆਦਾ ਮਰੀਜ਼ ਹੋਰ ਬੀਮਾਰੀਆਂ ਤੋਂ ਪੀੜਤ ਸਨ।  (ਏਜੰਸੀ)