ਸ਼੍ਰੀਲੰਕਾ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਨੂੰ ਮਿਲੀ ਕਪਤਾਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਮਨ ਨੂੰ ਅਨੁਭਵੀ ਖਿਡਾਰਣ ਮਿਤਾਲੀ ਰਾਜ ਦੀ ਜਗ੍ਹਾ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ।

Harmanpreet Kaur

 

ਨਵੀਂ ਦਿੱਲੀ - ਸ਼੍ਰੀਲੰਕਾ ਖਿਲਾਫ਼ ਖੇਡੀ ਜਾਣ ਵਾਲੀ ਸੀਮਤ ਓਵਰਾਂ ਦੀ ਕ੍ਰਿਕਟ ਸੀਰੀਜ਼ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਮਨਪ੍ਰੀਤ ਕੌਰ ਨੂੰ ਟੀਮ ਇੰਡੀਆ ਦੀ ਕਪਤਾਨ ਬਣਾਇਆ ਗਿਆ ਹੈ। ਅਨੁਭਵੀ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਬੀਸੀਸੀਆਈ ਦੇ ਚੋਣਕਾਰਾਂ ਵੱਲੋਂ ਐਲਾਨੀ ਗਈ ਟੀਮ ਵਿਚ ਥਾਂ ਨਹੀਂ ਮਿਲੀ ਹੈ। ਦੂਜੇ ਪਾਸੇ ਹਰਮਨਪ੍ਰੀਤ ਕੌਰ ਨਿਯਮਤ ਕਪਤਾਨ ਵਜੋਂ ਪਹਿਲੀ ਵਾਰ ਵਨਡੇ ਵਿਚ ਭਾਰਤ ਦੀ ਕਪਤਾਨੀ ਕਰੇਗੀ।

ਹਰਮਨ ਨੂੰ ਅਨੁਭਵੀ ਖਿਡਾਰਣ ਮਿਤਾਲੀ ਰਾਜ ਦੀ ਜਗ੍ਹਾ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਮਿਤਾਲੀ ਨੇ 8 ਜੂਨ ਨੂੰ ਕ੍ਰਿਕਟ ਦੇ ਸਾਰੇ ਫਾਰਮੈਂਟਾਂ ਤੋਂ ਸੰਨਿਆਸ ਲੈ ਲਿਆ ਸੀ। ਭਾਰਤੀ ਮਹਿਲਾ ਟੀਮ ਸ਼੍ਰੀਲੰਕਾ ਦੌਰੇ 'ਤੇ ਟੀ-20 ਅਤੇ ਵਨਡੇ ਸੀਰੀਜ਼ ਖੇਡੇਗੀ। ਭਾਰਤੀ ਮਹਿਲਾ ਕ੍ਰਿਕਟ ਟੀਮ ਸ਼੍ਰੀਲੰਕਾ ਦੌਰੇ 'ਤੇ 3 ਟੀ-20 ਮੈਚਾਂ ਅਤੇ ਇੰਨੇ ਹੀ ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਟੀਮ ਇੰਡੀਆ ਦਾ ਇਹ ਦੌਰਾ 23 ਜੂਨ ਤੋਂ ਸ਼ੁਰੂ ਹੋਵੇਗਾ। ਇਸ ਦਿਨ ਟੀ-20 ਸੀਰੀਜ਼ ਦਾ ਪਹਿਲਾ ਮੈਚ ਡਾਂਬੁਲਾ 'ਚ ਖੇਡਿਆ ਜਾਵੇਗਾ।

ਇਸ ਤੋਂ ਬਾਅਦ ਦੂਜਾ ਅਤੇ ਤੀਜਾ ਟੀ-20 ਮੈਚ 25 ਅਤੇ 27 ਜੂਨ ਨੂੰ ਖੇਡਿਆ ਜਾਵੇਗਾ। ਇਹ ਸਾਰੇ ਮੈਚ ਡਾਂਬੁਲਾ ਵਿਚ ਖੇਡੇ ਜਾਣਗੇ। ਦੋਵਾਂ ਦੇਸ਼ਾਂ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 1 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਮੈਚ 4 ਜੁਲਾਈ ਨੂੰ ਅਤੇ ਤੀਜਾ ਅਤੇ ਆਖਰੀ ਮੈਚ 7 ਜੁਲਾਈ ਨੂੰ ਖੇਡਿਆ ਜਾਵੇਗਾ। ਵਨਡੇ ਸੀਰੀਜ਼ ਦੇ ਸਾਰੇ ਮੈਚ ਕੈਂਡੀ 'ਚ ਖੇਡੇ ਜਾਣਗੇ।