ਹੇਡਗਵਾਰ ਦਾ ਪਾਠ ਕਿਤਾਬਾਂ ’ਚੋਂ ਹਟਾਉਣ ਦੇ ਐਲਾਨ ਤੋਂ ਭੜਕੀ ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਮੰਤਰੀ ਮਧੂ ਬੰਗਾਰੱਪਾ ਨੇ ਸੰਕੇਤ ਦਿਤਾ ਸੀ ਕਿ ਕਿਤਾਬਾਂ ’ਚ ਸੋਧ ਦਾ ਮਤਾ ਅਗਲੀ ਬੈਠਕ ’ਚ ਮੰਤਰੀ ਮੰਡਲ ਸਾਹਮਣੇ ਰਖਿਆ ਜਾਵੇਗਾ

Rajeev Chandrashekhar.

ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸਕੂਲੀ ਸਿਲੇਬਸ ’ਚੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦੇ ਸੰਸਥਾਪਕ ਕੇਸ਼ਵ ਬਲਿਰਾਮ ਹੇਡਗੇਵਾਰ ਬਾਰੇ ਪਾਠ ਹਟਾਉਣ ਸਬੰਧੀ ਖ਼ਬਰਾਂ ਨੂੰ ਲੈ ਕੇ ਸ਼ੁਕਰਵਾਰ ਨੂੰ ਕਰਨਾਟਕ ਦੀ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਇਤਿਹਾਸ ’ਤੇ ਪਾਰਟੀ ਦੇ ਵਿਚਾਰ ਨਹਿਰੂ-ਗਾਂਧੀ ਪਰਿਵਾਰ ਤਕ ਸੀਮਤ ਹਨ। 

ਭਾਜਪਾ ਦੇ ਸੀਨੀਅਰ ਆਗੂ ਨੇ ਇਸ ਕਥਿਤ ਕਦਮ ਨੂੰ ਧਿਆਨ ਖਿੱਚਣ ਦਾ ਕਾਂਗਰਸ ਦਾ ‘ਹਥਕੰਡਾ’ ਕਰਾਰ ਦਿਤਾ ਅਤੇ ਦੋਸ਼ ਲਾਇਆ ਕਿ ‘ਪਰਿਵਾਰ’ ਦਾ ਹਿੱਸਾ ਨਾ ਹੋਣ ਵਾਲੇ ਲੋਕਾਂ ਦੇ ਨਾਂ ਹਟਾਉਣ ਲਈ ਦੇਸ਼ ਦੇ ਇਤਿਹਾਸ ਨੂੰ ਮੁੜ ਲਿਖਣ ਦਾ ਕਾਂਗਰਸ ਦਾ ਇਕ ਲੰਮਾ ਇਤਿਹਾਸ ਰਿਹਾ ਹੈ। 

ਕਰਨਾਟਕ ਦੇ ਮੁਢਲੀ ਅਤੇ ਸੈਕੰਡਰੀ ਸਿਖਿਆ ਮੰਤਰੀ ਮਧੂ ਬੰਗਾਰੱਪਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਵਿਦਿਆਰਥੀਆਂ ਦੇ ਹਿੱਤ ’ਚ ਇਸ ਸਾਲ ਹੀ ਸਕੂਲੀ ਸਿਲੇਬਸ ’ਚ ਸੋਧ ਕੀਤੀ ਜਾਵੇਗੀ। ਬੰਗਾਰੱਪਾ ਨੇ ਬੇਂਗਲੁਰੂ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਇਹ ਸੰਕੇਤ ਵੀ ਦਿਤਾ ਸੀ ਕਿ ਕਿਤਾਬਾਂ ’ਚ ਸੋਧ ਦਾ ਮਤਾ ਸ਼ਾਇਦ ਅਗਲੀ ਬੈਠਕ ’ਚ ਮੰਤਰੀ ਮੰਡਲ ਸਾਹਮਣੇ ਰਖਿਆ ਜਾਵੇਗਾ।

ਚੰਦਰਸ਼ੇਖਰ ਨੇ ਹੇਡਗੇਵਾਰ ਬਾਰੇ ਇਕ ਪਾਠ ਹਟਾਉਣ ਦੇ ਕਰਨਾਟਕ ਸਰਕਾਰ ਦੇ ਕਥਿਤ ਕਦਮ ਨੂੰ ‘ਭਾਰਤ ਦੇ ਨੌਜਆਨਾਂ ਵਿਰੁਧ ਜੁਰਮ’ ਕਰਾਰ ਦਿਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਭਾਰਤ ਬਾਰੇ ਸੱਚਾਈ ਤੋਂ ਵਾਂਝਾ ਕਰਨ ਲਈ ਲੋਕ ਕਾਂਗਰਸ ਨੂੰ ਜਵਾਬ ਦੇਣਗੇ।