ਜਾਣੋ, ਜੱਜ ਨੇ ਬਲਾਤਕਾਰ ਪੀੜਤਾ ਦੇ ਵਕੀਲ ਨੂੰ ਮਨੂਸਮ੍ਰਿਤੀ ਪੜ੍ਹਨ ਦੀ ਸਲਾਹ ਕਿਉਂ ਦਿਤੀ?

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਪਿਤਾ ਨੂੰ ਅਪਣੀ ਧੀ ਦੀ ਚਿੰਤਾ ਇਸ ਲਈ ਹੈ ਕਿਉਂਕਿ ਅਸੀਂ 21ਵੀਂ ਸਦੀ ’ਚ ਜੀ ਰਹੇ ਹਾਂ

Gujarat High Court.

ਅਹਿਮਦਾਬਾਦ: ਗੁਜਰਾਤ ਹਾਈ ਕੋਰਟ ਦੇ ਇਕ ਜੱਜ ਨੇ ਗਰਭਪਾਤ ਦੀ ਇਜਾਜ਼ਤ ਲਈ ਦਾਇਰ ਨਾਬਾਲਗ ਬਲਾਤਕਾਰ ਪੀੜਤਾ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਇਕ ਸਮਾਂ ਅਜਿਹਾ ਵੀ ਸੀ ਜਦੋਂ ਛੋਟੀ ਉਮਰ ’ਚ ਕੁੜੀਆਂ ਦਾ ਵਿਆਹ ਹੋਣਾ ਅਤੇ ਉਨ੍ਹਾਂ ਦੇ 17 ਸਾਲਾਂ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣਾ ਆਮ ਗੱਲ ਸੀ। 

ਜਸਟਿਸ ਸਮੀਰ ਦਵੇ ਨੇ ਸੰਕੇਤ ਦਿਤਾ ਕਿ ਜੇਕਰ ਕੁੜੀ ਅਤੇ ਭਰੂਣ ਦੋਵੇਂ ਸਿਹਤਮੰਦ ਹਨ ਤਾਂ ਹੋ ਸਕਦਾ ਹੈ ਕਿ ਇਸ ਅਪੀਲ ਨੂੰ ਮਨਜ਼ੂਰ ਨਾ ਦਿਤੀ ਜਾਵੇ। ਉਨ੍ਹਾਂ ਨੇ ਬੁਧਵਾਰ ਨੂੰ ਸੁਣਵਾਈ ਦੌਰਾਨ ਮਨੂਸਮ੍ਰਿਤੀ ਦਾ ਵੀ ਜ਼ਿਕਰ ਕੀਤਾ। 

ਬਲਾਤਕਾਰ ਪੀੜਤਾ ਦੀ ਉਮਰ 16 ਸਾਲ 11 ਮਹੀਨੇ ਹੈ ਅਤੇ ਉਸ ਦੇ ਗਰਭ ’ਚ ਸੱਤ ਮਹੀਨੇ ਦਾ ਭਰੂਣ ਪਲ ਰਿਹਾ ਹੈ। ਪੀੜਤਾ ਦੇ ਪਿਤਾ ਨੇ ਗਰਭਪਾਤ ਦੀ ਇਜਾਜ਼ਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਕਿਉਂਕਿ ਗਰਭ ਅਵਸਥਾ ਦਾ ਸਮਾਂ 24 ਹਫ਼ਤਿਆਂ ਤੋਂ ਵੱਧ ਹੋ ਗਿਆ ਹੈ। ਇਸ ਸਮੇਂ ਦੇ ਪਾਰ ਹੋ ਜਾਣ ਤੋਂ ਬਾਅਦ ਅਦਾਲਤ ਦੀ ਇਜਾਜ਼ਤ ਤੋਂ ਬਗ਼ੈਰ ਗਰਭਪਾਤ ਨਹੀਂ ਕੀਤਾ ਜਾ ਸਕਦਾ। 

ਬੁਧਵਾਰ ਨੂੰ ਪੀੜਤਾ ਦੇ ਵਕੀਲ ਨੇ ਮਾਮਲੇ ਦੀ ਛੇਤੀ ਸੁਣਵਾਈ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੁੜੀ ਦੀ ਉਮਰ ਕਰਕੇ ਪ੍ਰਵਾਰ ਵਾਲੇ ਚਿੰਤਤ ਹਨ। ਜਸਟਿਸ ਦਵੇ ਨੇ ਕਿਹਾ, ‘‘ਚਿੰਤਾ ਇਸ ਲਈ ਹੈ ਕਿਉਂਕਿ ਅਸੀਂ 21ਵੀਂ ਸਦੀ ’ਚ ਜੀ ਰਹੇ ਹਾਂ। ਅਪਣੀ ਮਾਂ ਜਾਂ ਦਾਦੀ ਤੋਂ ਪੁੱਛੋ। ਵਿਆਹ ਲਈ ਵੱਧ ਤੋਂ ਵੱਧ ਉਮਰ 14-15 ਸਾਲ ਹੁੰਦੀ ਸੀ ਅਤੇ ਕੁੜੀਆਂ 17 ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਦਿੰਦੀਆਂ ਸਨ। ਇਹੀ ਨਹੀਂ, ਕੁੜੀਆਂ ਮੁੰਡਿਆਂ ਤੋਂ ਪਹਿਲਾਂ ਪਰਪੱਕ ਹੋ ਜਾਂਦੀਆਂ ਹਨ। ਭਾਵੇਂ ਤੁਸੀਂ ਪੜ੍ਹੀ ਨਾ ਹੋਵੇ, ਪਰ ਤੁਸੀਂ ਇਹ ਵਾਰੀ ਮਨੂਸਮ੍ਰਿਤੀ ਪੜ੍ਹੋ।’’

ਜੱਜ ਨੇ ਵਕੀਲ ਨੂੰ ਕਿਹਾ ਕਿ ਕਿਉਂਕਿ ਜਣੇਪੇ ਦੀ ਸੰਭਾਵਤ ਮਿਤੀ 16 ਅਗਸਤ ਹੈ, ਇਸ ਲਈ ਉਨ੍ਹਾਂ ਨੇ ਅਪਣੇ ਕਮਰੇ ’ਚ ਮਾਹਰ ਡਾਕਟਰਾਂ ਨਾਲ ਸਲਾਹ ਕੀਤੀ ਹੈ। ਉਨ੍ਹਾਂ ਕਿਹਾ, ‘‘ਜੇਕਰ ਭਰੂਣ ਜਾਂ ਕੁੜੀ ਦੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਹੀ ਅਦਾਲਤ ਗਰਭਪਾਤ ’ਤੇ ਵਿਚਾਰ ਕਰ ਸਕਦੀ ਹੈ। ਪਰ ਜੇਕਰ ਦੋਵੇਂ ਸਿਹਤਮੰਦ ਹਨ ਤਾਂ ਅਦਾਲਤ ਲਈ ਇਸ ਤਰ੍ਹਾਂ ਦਾ ਹੁਕਮ ਪਾਸ ਕਰਨਾ ਮੁਸ਼ਕਲ ਹੋਵੇਗਾ।’’