ਮਣੀਪੁਰ ’ਚ ਹਿੰਸਾ ਜਾਰੀ, ਅਤਿਵਾਦੀਆਂ ਨੇ ਤਿੰਨ ਦੀ ਜਾਨ ਲਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਝੜਪਾਂ ’ਚ ਘੱਟ ਤੋਂ ਘੱਟ 100 ਲੋਕ ਮਾਰੇ ਜਾ ਚੁੱਕੇ ਹਨ ਅਤੇ 310 ਹੋਰ ਜ਼ਖ਼ਮੀ ਹੋਏ ਹਨ

File photo of military in Manipur.

ਇੰਫ਼ਾਲ: ਮਣੀਪੁਰ ਦੇ ਇੰਫ਼ਾਲ ਵੈਸਟ ਜ਼ਿਲ੍ਹੇ ਦੇ ਇਕ ਪਿੰਡ ’ਚ ਸ਼ੁਕਰਵਾਰ ਨੂੰ ਸੁਰਖਿਆ ਮੁਲਾਜ਼ਮਾਂ ਦੇ ਭੇਸ ’ਚ ਆਏ ਅਤਿਵਾਦੀਆਂ ਨੇ ਤਿੰਨ ਜਣਿਆਂ ਨੂੰ ਤਲਾਸ਼ੀ ਮੁਹਿੰਮ ਦੇ ਬਹਾਨੇ ਉਨ੍ਹਾਂ ਦੇ ਘਰ ਬਾਹਰ ਸਦਿਆ ਅਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿਤੀਆਂ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। 

ਅਧਿਕਾਰੀਆਂ ਨੇ ਦਸਿਆ ਕਿ ਕਾਂਗਪੋਕੀ ਅਤੇ ਇਫ਼ਾਲ ਵੇਸਟ ਜ਼ਿਲ੍ਹਿਆਂ ਦੀ ਹੱਦ ’ਤੇ ਸਥਿਤ ਇਕ ਪਿੰਡ ’ਚ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਅਤਿਵਾਦੀ ਮੇਈਟੀ ਫ਼ਿਰਕੇ ਦੇ ਮੰਨੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਨਿਯਮਤ ਗਸ਼ਤ ’ਤੇ ਨਿਕਲੇ ਸੁਰਖਿਆ ਬਲ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉੱਥੇ ਪੁੱਜੇ, ਪਰ ਉਦੋਂ ਤਕ ਅਤਿਵਾਦੀ ਇਲਾਕੇ ’ਚੋਂ ਭੱਜ ਚੁੱਕੇ ਸਨ। ਅਸਮ ਰਾਈਫ਼ਲਜ਼ ਨੇ ਤਿੰਨੇ ਲਾਸ਼ਾਂ ਬਰਾਮਦ ਕਰ ਲਈਆਂ ਹਨ। 

ਮਣੀਪੁਰ ’ਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੇਈਤੀ ਫ਼ਿਰਕੇ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕਰਨ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ। 

ਝੜਪਾਂ ’ਚ ਘੱਟ ਤੋਂ ਘੱਟ 100 ਲੋਕ ਮਾਰੇ ਜਾ ਚੁੱਕੇ ਹਨ ਅਤੇ 310 ਹੋਰ ਜ਼ਖ਼ਮੀ ਹੋਏ ਹਨ। 37450 ਲੋਕ ਅਜੇ 272 ਕੈਂਪਾਂ ’ਚ ਰਹਿ ਰਹੇ ਹਨ। ਮਣੀਪੁਰ ’ਚ ਮੇਈਤੀ ਬਹੁਗਿਣਤੀ ਫ਼ਿਰਕਾ ਹੈ ਅਤੇ ਇਸ ਦੀ ਆਬਾਦੀ 53 ਫ਼ੀ ਸਦੀ ਹੈ। ਇਹ ਮੁੱਖ ਰੂਪ ’ਚ ਇੰਫ਼ਾਲ ਵਾਦੀ ’ਚ ਰਹਿੰਦੇ ਹਨ। ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀ ਫ਼ਿਰਕਿਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਇਹ ਮੁੱਖ ਤੌਰ ’ਤੇ ਪਹਾੜੀ ਜ਼ਿਲ੍ਹਿਆਂ ’ਚ ਵਸਦੇ ਹਨ।