ਓਡਿਸਾ : ਜਾਣੋ ਲਾਸ਼ਾਂ ਰੱਖਣ ਲਈ ਪ੍ਰਯੋਗ ਸਕੂਲ ਦੀ ਇਮਾਰਤ ਨੂੰ ਡੇਗਣ ਦਾ ਕਿਉਂ ਦਿਤਾ ਹੁਕਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਸ਼ਾਂ ਤੋਂ ਡਰ ਕੇ ਬੱਚੇ ਨਹੀਂ ਆ ਰਹੇ ਸਨ ਸਕੂਲ, ਮਾਪਿਆਂ ਨੂੰ ਸਕੂਲ ਨੂੰ ਡੇਗਣ ਦੀ ਕੀਤੀ ਮੰਗ

School that housed train-crash victims’ bodies spooks students, teachers

ਭੁਵਨੇਸ਼ਵਰ: ਓਡਿਸਾ ਸਰਕਾਰ ਨੇ ਸ਼ੁਕਰਵਾਰ ਨੂੰ 65 ਸਾਲ ਪੁਰਾਣੇ ਬਾਹਾਨਗਾ ਹਾਈ ਸਕੂਲ ਦੀ ਇਮਾਰਤ ਨੂੰ ਡੇਗਣਾ ਸ਼ੁਰੂ ਕਰ ਦਿਤਾ ਜਿਸ ਦਾ ਪ੍ਰਯੋਗ ਕੋਰੋਮੰਡਲ ਐਕਸਪ੍ਰੈੱਸ ਹਾਦਸੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਰੱਖਣ ਲਈ ਅਸਥਾਈ ਰੂਪ ’ਚ ਕੀਤਾ ਜਾ ਰਿਹਾ ਸੀ। 

ਸਕੂਲ ਪ੍ਰਬੰਧਨ ਕਮੇਟੀ (ਐਸ.ਐਮ.ਸੀ.) ਦੇ ਮੈਂਬਰਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਇਮਾਰਤ ਨੂੰ ਡੇਗਿਆ ਜਾ ਰਿਹਾ ਹੈ। 

ਐਸ.ਐਮ.ਸੀ. ਨੇ ਕਿਹਾ ਕਿ ਸਕੂਲ ਦੀ ਇਮਾਰਤ ਪੁਰਾਣੀ ਹੈ ਅਤੇ ਸੁਰੱਖਿਅਤ ਨਹੀਂ ਹੈ, ਜਦਕਿ ਬੱਚੇ ਵੀ ਇਸ ਲਈ ਸਕੂਲ ਨਹੀਂ ਆ ਰਹੇ ਹਨ ਕਿਉਂਕਿ ਕੋਰੋਮੰਡਲ ਐਕਸਪ੍ਰੈੱਸ ਹਾਦਸੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਉਥੇ ਰੱਖੀਆਂ ਸਨ। ਇਸ ਤੋਂ ਬਾਅਦ ਇਮਾਰਤ ਨੂੰ ਡੇਗਣ ਦਾ ਫ਼ੈਸਲਾ ਕੀਤਾ ਗਿਆ।

ਮਾਪਿਆਂ ਨੇ ਵੀ ਇਮਾਰਤ ਡੇਗਣ ਦੀ ਮੰਗ ਕੀਤੀ ਸੀ। ਐਸ.ਐਮ.ਸੀ. ਦੇ ਫ਼ੈਸਲੇ ਅਤੇ ਸਥਾਨਕ ਲੋਕਾਂ ਤੇ ਮਾਪਿਆਂ ਦੀ ਮੰਗ ’ਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀਰਵਾਰ ਨੂੰ ਮੁੱਖ ਸਕੱਤਰ ਸਮੇਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਸਕੂਲ ਦੀ ਮੁੜਉਸਾਰੀ ਨੂੰ ਮਨਜ਼ੂਰੀ ਦੇ ਦਿਤੀ। 

ਉਨ੍ਹਾਂ ਨੇ ਲਾਇਬ੍ਰੇਰੀ, ਲੈਬਾਰਟਰੀ ਅਤੇ ਡਿਜੀਟਲ ਜਮਾਤਾਂ ਸਮੇਤ ਆਧੁਨਿਕ ਸਹੂਲਤਾਂ ਨਾਲ ਆਦਰਸ਼ ਸਕੂਲ ਦਾ ਨਿਰਮਾਣ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿਤੀ। 

ਓਡਿਸਾ ਦੇ ਬਾਲਾਸਰ ’ਚ ਦੋ ਜੂਨ ਨੂੰ ਹੋਏ ਰੇਲ ਹਾਦਸੇ ’ਚ 288 ਸਵਾਰੀਆਂ ਦੀ ਮੌਤ ਹੋ ਗਈ ਸੀ ਅਤੇ 1200 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਇਸ ਹਾਦਸੇ ਤੋਂ ਤੁਰਤ ਬਾਅਦ 65 ਸਾਲ ਪੁਰਾਣੇ ਸਕੂਲ ’ਚ ਕਫ਼ਨ ’ਚ ਲਪੇਟੀਆਂ ਲਾਸ਼ਾਂ ਨੂੰ ਰਖਿਆ ਗਿਆ ਸੀ। ਪਛਾਣ ਲਈ ਲਾਸ਼ਾਂ ਰੱਖਣ ਲਈ ਸਕੂਲ ਦੇ ਹਾਲ ਦਾ ਪ੍ਰਯੋਗ ਕੀਤਾ ਗਿਆ ਸੀ।