ਗੋਡਸੇ ਨੂੰ ਲੈ ਕੇ ਸਿਆਸੀ ਜੰਗ ਮੁੜ ਸ਼ੁਰੂ
ਜੇਕਰ ਰਾਵਤ ਨੂੰ ਭਾਜਪਾ ਤੋਂ ਨਹੀਂ ਕਢਿਆ ਜਾਂਦਾ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਉਨ੍ਹਾਂ ਦੇ ਬਿਆਨ ’ਤੇ ਪ੍ਰਧਾਨ ਮੰਤਰੀ ਦੀ ਰਜ਼ਾਮੰਦੀ ਹੈ : ਕਾਂਗਰਸ
ਨਵੀਂ ਦਿੱਲੀ/ਦੰਤੇਵਾੜਾ/ਔਰੰਗਾਬਾਦ: ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵਲੋਂ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ‘ਦੇਸ਼ਭਗਤ’ ਦੱਸਣ ਵਾਲ ਬਿਆਨ ਦੀ ਨਿੰਦਾ ਕਰਦਿਆਂ ਸ਼ੁਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਯਕੀਨੀ ਕਰਨ ਕਿ ਰਾਵਤ ਨੂੰ ਭਾਰਤੀ ਜਨਤਾ ਪਾਰਟੀ ਤੋਂ ਬਾਹਰ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਬੁਧਵਾਰ ਨੂੰ ਤ੍ਰਿਵੇਂਦਰ ਸਿੰਘ ਰਾਵਤ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਕਰਾਰ ਦਿਤਾ ਸੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮਖੌਲ ਉਡਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਦਾ ‘ਸਿਰਫ਼’ ਉਪਨਾਮ ਗਾਂਧੀ ਹੈ। ਉਨ੍ਹਾਂ ਕਿਹਾ ਸੀ, ‘‘ਗਾਂਧੀ ਨੂੰ ਮਾਰਿਆ ਗਿਆ ਇਹ ਵੱਖ ਮੁੱਦਾ ਹੈ, ਪਰ ਜਿੱਥੋਂ ਤਕ ਮੈਂ ਜਾਣਦਾ ਅਤੇ ਪੜ੍ਹਿਆ ਹੈ, ਉਹ ਵੀ ਇਕ ਦੇਸ਼ਭਗਤ ਸਨ। ਗਾਂਧੀ ਜੀ ਦਾ ਜੋ ਕਤਲ ਹੋਇਆ, ਉਸ ਤੋਂ ਅਸੀਂ ਸਹਿਮਤ ਨਹੀਂ ਹਾਂ।’’
ਇਸ ’ਤੇ ਕਾਂਗਰਸ ਦੇ ਸੰਚਾਰ ਵਿਭਾਗ ਦੇ ਸਕੱਤਰ ਵੈਭਵ ਵਾਲੀਆ ਨੇ ਕਿਹਾ ਕਿ ਜੇਕਰ ਰਾਵਤ ਨੂੰ ਭਾਜਪਾ ਤੋਂ ਨਹੀਂ ਕਢਿਆ ਜਾਂਦਾ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਉਨ੍ਹਾਂ ਦੇ ਬਿਆਨ ’ਤੇ ਪ੍ਰਧਾਨ ਮੰਤਰੀ ਦੀ ਰਜ਼ਾਮੰਦੀ ਹੈ।
ਉਨ੍ਹਾਂ ਕਿਹਾ, ‘‘ਭਾਜਪਾ ਸੰਸਦ ਮੈਂਬਰ ਪਰੱਗਿਆ ਠਾਕੁਰ ਨੇ ਵੀ 2019 ’ਚ ਤ੍ਰਿਵੇਂਦਰ ਸਿੰਘ ਰਾਵਤ ਵਾਂਗ ਗੋਡਸੇ ਨੂੰ ਦੇਸ਼ਭਗਤ ਕਿਹਾ ਸੀ। ਉਸ ਸਮੇਂ ਮੋਦੀ ਜੀ ਨੇ ਕਿਹਾ ਸੀ ਕਿ ਮੈਂ ਕਦੇ ਦਿਲ ਨਾਲ ਉਨ੍ਹਾਂ ਨੂੰ ਮਾਫ਼ ਨਹੀਂ ਕਰਾਂਗਾ। ਅੱਜ ਤਕ ਪਰੱਗਿਆ ਠਾਕੁਰ ਵਿਰੁਧ ਕੋਈ ਕਾਰਵਾਈ ਨਹੀਂ ਹੋਈ।’’
ਹਾਲਾਂਕਿ ਸਿਰਫ਼ ਰਾਵਤ ਹੀ ਨਹੀਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੀ ਗੋਡਸੇ ਦੇ ਹੱਕ ’ਚ ਆਏ ਅਤੇ ਉਨ੍ਹਾਂ ਅੱਜ ਨਾਥੂਰਾਮ ਗੋਡਸੇ ਨੂੰ ‘ਭਾਰਤ ਦਾ ਸਪੂਤ’ ਦਸਿਆ ਅਤੇ ਕਿਹਾ ਕਿ ਉਹ ਮੁਗ਼ਲ ਸ਼ਾਸਕ ਬਾਬਰ ਅਤੇ ਔਰੰਗਜ਼ੇਬ ਵਾਂਗ ਹਮਲਾਵਰ ਨਹੀਂ ਸੀ ਕਿਉਂਕਿ ਉਹ ਭਾਰਤ ’ਚ ਪੈਦਾ ਹੋਇਆ ਸੀ।
ਦੂਜੇ ਪਾਸੇ ਔਰੰਗਾਬਾਦ ’ਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐਮ.ਆਈ.ਐਮ.) ਦੇ ਸੰਸਦ ਮੈਂਬਰ ਇਮਤਿਆਜ਼ ਜਲੀਲ ਨੇ ਸ਼ੁਕਰਵਾਰ ਨੂੰ ਕਿਹਾ ਕਿ ‘ਔਰੰਗਜ਼ੇਬ ਦੀ ਔਲਾਦ’ ਵਾਂਗ ‘ਨੱਥਰੂਰਾਮ ਗੋਡਸੇ ਦੇ ਬੱਚਿਆਂ’ ਦੀ ਵੀ ਗਿਣਤੀ ਵਧੀ ਹੈ। ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਉਨ੍ਹਾਂ ਲੋਕਾਂ ’ਤੇ ਕੀਤੀ ਟਿਪਣੀ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਜੋ ਸੰਗਮਨੇਰ ਸ਼ਹਿਰ ਦੇ ਇਕ ਜਲੂਸ ਦੌਰਾਨ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਤਸਵੀਰ ਲੈ ਕੇ ਗਏ ਸਨ।
ਜਲੀਲ ਨੇ ਕਿਹਾ, ‘‘ਮੈਂ ਫੜਨਵੀਸ ਦਾ ਬਿਆਨ ਸੁਣਿਆ। ਉਹ ਸੂਬੇ ਦੇ ਗ੍ਰਹਿ ਮੰਤਰੀ ਹਨ ਅਤੇ ਪੂਰਾ ਪੁਲਿਸ ਵਿਭਾਗ ਉਨ੍ਹਾਂ ਦੇ ਅਧੀਨ ਹੈ। ਉਨ੍ਹਾਂ ਨੇ ਕਿਹਾ ਸੀ ਕਿ ਔਰੰਗਜ਼ੇਬ ਦੇ ਏਨੇ ਬੱਚੇ ਕਿੱਥੋਂ ਆਏ। ਅਜਿਹਾ ਹੋ ਸਕਦਾ ਹੈ, ਪਰ ਗੋਡਸੇ ਦੇ ਬੱਚਿਆਂ ਦੀ ਵੀ ਗਿਣਤੀ ਵਧ ਗਈ ਹੈ। ਉਨ੍ਹਾਂ ਨੂੰ ਇਸ ਬਾਰੇ ਬੋਲਣਾ ਚਾਹੀਦਾ ਹੈ।’’