PM Modi News: ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪੀਐੱਮ ਮੋਦੀ ਨੇ ਬਾਪੂ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਕੀਤਾ ਨਮਨ
ਸ਼ਾਮ 7:15 'ਤੇ ਚੁੱਕਣਗੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ
PM Modi News: ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਮਾਧ 'ਤੇ ਪਹੁੰਚੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਪੀਐਮ ਜੰਗੀ ਯਾਦਗਾਰ 'ਤੇ ਗਏ ਅਤੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਪੀਐੱਮ ਮੋਦੀ ਅੱਜ ਸ਼ਾਮ 7:15 ਵਜੇ ਰਾਸ਼ਟਰਪਤੀ ਭਵਨ ਵਿਚ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।
ਅੱਜ ਤੀਜੀ ਵਾਰ ਸਹੁੰ ਚੁੱਕ ਕੇ ਮੋਦੀ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 62 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰਨਗੇ। ਨਹਿਰੂ 1952, 1957 ਅਤੇ 1962 ਵਿੱਚ ਲਗਾਤਾਰ ਤਿੰਨ ਵਾਰ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਸਨ। ਹਾਲਾਂਕਿ ਨਹਿਰੂ ਦੀ ਸਰਕਾਰ ਕੋਲ ਪੂਰਨ ਬਹੁਮਤ ਸੀ। ਮੋਦੀ ਦੀ ਤੀਜੀ ਪਾਰੀ ਗਠਜੋੜ ਦੇ ਆਧਾਰ 'ਤੇ ਚੱਲੇਗੀ।
ਦੇਸ਼ ਵਿੱਚ 1990 ਤੋਂ ਗੱਠਜੋੜ ਦੀ ਰਾਜਨੀਤੀ ਚੱਲ ਰਹੀ ਸੀ। ਇਸ ਰੁਝਾਨ ਨੂੰ ਭਾਜਪਾ ਨੇ ਮੋਦੀ ਦੀ ਅਗਵਾਈ ਹੇਠ 2014 ਅਤੇ 2019 ਵਿਚ ਪੂਰਨ ਬਹੁਮਤ ਹਾਸਲ ਕਰਕੇ ਤੋੜ ਦਿੱਤਾ ਸੀ। ਹਾਲਾਂਕਿ, 2024 ਵਿੱਚ, ਭਾਜਪਾ 240 ਸੀਟਾਂ ਤੱਕ ਸਿਮਟ ਗਈ ਸੀ ਅਤੇ ਬਹੁਮਤ ਲਈ ਆਪਣੇ ਸਹਿਯੋਗੀਆਂ ਦੀ ਲੋੜ ਸੀ। 7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਵਿਚ ਹੋਈ ਮੀਟਿੰਗ ਵਿਚ ਐਨਡੀਏ ਆਗੂਆਂ ਨੇ ਮੋਦੀ ਨੂੰ ਆਪਣਾ ਆਗੂ ਚੁਣਿਆ ਸੀ। ਹੁਣ ਸਹੁੰ ਦੀ ਉਡੀਕ ਹੈ। ਇਸ ਸਮਾਰੋਹ ਵਿੱਚ ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਛੱਡ ਕੇ 7 ਗੁਆਂਢੀ ਦੇਸ਼ਾਂ- ਸ਼੍ਰੀਲੰਕਾ, ਬੰਗਲਾਦੇਸ਼, ਮਾਲਦੀਵ, ਸੇਸ਼ੇਲਸ, ਮਾਰੀਸ਼ਸ, ਨੇਪਾਲ ਅਤੇ ਭੂਟਾਨ ਦੇ ਰਾਜ ਮੁਖੀ ਸ਼ਾਮਲ ਹੋਣਗੇ।